ਸਿਹਤ ਵਿਭਾਗ ਵਲੋਂ ਦੁੱਧ ਦੇ ਚਾਰ ਅਤੇ ਦੇਸੀ ਘਿਓ ਦਾ ਇਕ ਸੈਂਪਲ ਭਰਿਆ

ਨਵਾਂਸ਼ਹਿਰ, 20 ਅਗਸਤ  : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਦੀਆਂ ਹਦਾਇਤਾਂ 'ਤੇ ਦੁੱਧ ਵਿੱਚ ਮਿਲਾਵਟ ਨੂੰ ਰੋਕਣ ਦੇ ਉਪਰਾਲੇ ਹੇਠ ਅੱਜ ਸੰਯੁਕਤ ਕਮਿਸ਼ਨਰ (ਫੂਡ ਸੇਫਟੀ) ਮਨੋਜ ਖੋਸਲਾ ਅਤੇ ਫੂਡ ਸੇਫਟੀ ਅਫ਼ਸਰ ਸ੍ਰੀਮਤੀ ਸੰਗੀਤਾ ਸਹਿਦੇਵ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਵਲੋਂ ਤੜਕਸਾਰ ਵੱਖ-ਵੱਖ ਡੇਅਰੀਆਂ, ਦੁੱਧ ਸਪਲਾਈ ਕਰਨ ਵਾਲੀਆਂ ਗੱਡੀਆਂ, ਟੈਂਕਰਾਂ ਵਿੱਚ ਲਿਜਾਏ ਜਾ ਰਹੇ ਦੁੱਧ ਦੀ ਚੈਕਿੰਗ ਕਰਦੇ ਹੋਏ ਦੁੱਧ ਦੇ 4 ਸੈਂਪਲ ਅਤੇ ਦੇਸੀ ਘਿਓ ਦਾ 1 ਸੈਂਪਲ ਭਰਕੇ ਨਿਰੀਖਣ ਹਿੱਤ ਪੰਜਾਬ ਸਟੇਟ ਫੂਡ ਲੈਬ ਖਰੜ ਵਿਖੇ ਭੇਜੇ ਗਏ।
ਸ੍ਰੀ ਖੋਸਲਾ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਮੌਜੂਦਾ ਸਮੇਂ ਗਾਂਵਾਂ ਦੀ ਬਿਮਾਰੀ ਕਾਰਨ ਦੁੱਧ ਦੀ ਪੈਦਾਵਾਰ 60 ਫੀਸਦੀ ਘੱਟ  ਗਈ ਹੈ, ਪਰ ਦੁੱਧ ਦੀ ਸਪਲਾਈ ਅਜੇ ਵੀ ਉਸੇ ਤਰ੍ਹਾਂ ਹੀ ਹੋ ਰਹੀ ਹੈ, ਜਿਸ ਤੋਂ ਜਾਪਦਾ ਹੈ ਕਿ ਦੁੱਧ ਵਿੱਚ ਮਿਲਾਵਟ ਹੋ ਸਕਦੀ ਹੈ। ਜਿਸ ਤਹਿਤ ਵਿਭਾਗ ਨੇ ਚੌਕਸੀ ਵਰਤਦੇ ਹੋਏ ਦੁੱਧ ਦੀ ਚੈਕਿੰਗ ਸਬੰਧੀ ਵੱਡੇ ਵੱਧਰ 'ਤੇ ਮੁਹਿੰਮ ਆਰੰਭੀ ਹੈ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।
ਫੂਡ ਸੇਫਟੀ ਅਫ਼ਸਰ ਸ੍ਰੀਮਤੀ ਸੰਗੀਤਾ ਸਹਿਦੇਵ ਨੇ ਦੱਸਿਆ ਕਿ ਇਹ ਮੁਹਿੰਮ ਅਗਲੇ ਦਿਨਾਂ 'ਚ ਵੀ ਜਾਰੀ ਰਹੇਗੀ ਅਤੇ ਮਿਲਾਵਟ ਸਾਬਿਤ ਹੋਣ 'ਤੇ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਫ਼ੋਟੋ ਕੈਪਸ਼ਨ: ਫੂਡ ਸੇਫ਼ਟੀ ਅਧਿਕਾਰੀ ਦੁੱਧ ਦੀ ਸ਼ੁੱਧਤਾ ਦੀ ਜਾਂਚ ਲਈ ਸੈਂਪਲ ਲੈਂਦੇ ਹੋਏ।