ਘੱਟ ਗਿਣਤੀ ਵਰਗਾਂ ਨਾਲ ਸਬੰਧਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਲਈ ਆਨਲਾਈਨ ਪੋਰਟਲ ਸ਼ੁਰੂ

ਪ੍ਰੀ-ਮੈਟਿ੍ਰਕ ਲਈ ਆਖਰੀ ਮਿਤੀ 30 ਸਤੰਬਰ,  ਪੋਸਟ-ਮੈਟਿ੍ਰਕ ਅਤੇ ਮੈਰਿਟ-ਕਮ-ਮੀਨਸ ਸਕਾਲਰਸ਼ਿਪ ਲਈ 31 ਅਕਤੂਬਰ
ਨਵਾਂਸ਼ਹਿਰ, 8 ਅਗਸਤ : ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਨੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ, ਭਾਰਤ ਸਰਕਾਰ ਦੀ ਤਰਫੋਂ ਪੰਜਾਬ ਦੇ ਸਕੂਲਾਂ ਵਿੱਚ ਸੈਸ਼ਨ 2002-23 ਵਿੱਚ ਪੜ੍ਹ ਰਹੇ ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਤੋਂ ਪ੍ਰੀ-ਮੈਟਿ੍ਰਕ, ਪੋਸਟ-ਮੈਟਿ੍ਰਕ ਅਤੇ ਮੈਰਿਟ-ਕਮ-ਮੀਨਸ ਆਧਾਰਿਤ ਸਕਾਲਰਸ਼ਿਪ ਲਈ ਬਿਨੈ ਪੱਤਰ ਮੰਗੇ ਹਨ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਸਕਾਲਰਸਪਿ ਅਰਜ਼ੀਆਂ ਆਨਲਾਈਨ ਪੋਰਟਲ www.scholarships.gov.in  ਜਾਂ ਮੋਬਾਈਲ ਐਪ ਨੈਸ਼ਨਲ ਸਕਾਲਰਸ਼ਿਪ (ਐਨ ਐਸ ਪੀ) ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।   ਯੋਗਤਾ ਦੇ ਮਾਪਦੰਡਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ, ਉਨ੍ਹਾਂ ਅੱਗੇ ਕਿਹਾ ਕਿ ਜੈਨ, ਬੋਧੀ, ਸਿੱਖ, ਪਾਰਸੀ, ਮੁਸਲਿਮ ਅਤੇ ਈਸਾਈ ਵਰਗ ਨਾਲ ਸਬੰਧਤ ਕੋਈ ਵੀ ਵਿਦਿਆਰਥੀ ਵਜ਼ੀਫ਼ਾ ਪ੍ਰਾਪਤ ਕਰ ਸਕਦਾ ਹੈ, ਬਸ਼ਰਤੇ ਪ੍ਰੀ-ਮੈਟਿ੍ਰਕ ਲਈ ਉਸ ਦਾ ਪਰਿਵਾਰ 1 ਲੱਖ ਰੁਪਏ ਦੀ ਆਮਦਨ ਸੀਮਾ ਦੀ ਸ਼ਰਤ ਨੂੰ ਪੂਰਾ ਕਰਦਾ ਹੋਵੇ ਜਦਕਿ ਪੋਸਟ-ਮੈਟਿ੍ਰਕ ਦੇ ਮਾਮਲੇ ਵਿੱਚ ਇਹ ਸੀਮਾ 2 ਲੱਖ ਰੁਪਏ ਅਤੇ ਮੈਰਿਟ-ਕਮ-ਮੀਨਜ਼ ਅਧਾਰਤ ਸਕਾਲਰਸ਼ਿਪ ਦੇ ਮਾਮਲੇ ਵਿੱਚ 2.50 ਲੱਖ ਰੁਪਏ ਹੈ। ਇਸ ਤੋਂ ਇਲਾਵਾ, ਬਿਨੈਕਾਰ ਲਈ ਘੱਟੋ-ਘੱਟ ਇੱਕ ਸਾਲ ਦੀ ਮਿਆਦ ਵਾਲੇ ਕੋਰਸ ਵਿੱਚ ਦੇਸ਼ ਵਿੱਚ ਹੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਯੂਨੀਵਰਸਿਟੀ/ਇੰਸਟੀਚਿਊਟ/ਕਾਲਜ/ਸਕੂਲ ਵਿੱਚ ਪੜ੍ਹਾਈ ਕਰਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਬਿਨੈਕਾਰ ਨੇ ਪਿਛਲੀ ਸਾਲਾਨਾ ਬੋਰਡ/ਕਲਾਸ ਪ੍ਰੀਖਿਆ ਵਿਚ ਘੱਟੋ-ਘੱਟ 50 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ।
   ਪ੍ਰੀ-ਮੈਟਿ੍ਰਕ ਲਈ ਆਨਲਾਈਨ ਅਰਜ਼ੀ ਦੀ ਆਖਰੀ ਮਿਤੀ 30 ਸਤੰਬਰ, 2022 ਹੈ ਜਦੋਂ ਕਿ ਪੋਸਟ-ਮੈਟਿ੍ਰਕ ਅਤੇ ਮੈਰਿਟ-ਕਮ-ਮੀਨਜ਼ ਆਧਾਰਿਤ ਸਕਾਲਰਸ਼ਿਪ ਲਈ 31 ਅਕਤੂਬਰ, 2022 ਹੈ।
   ਉਨ੍ਹਾਂ ਕਿਹਾ ਕਿ ਵਧੇਰੇ ਵੇਰਵਿਆਂ ਲਈ, ਯੋਗ ਬਿਨੈਕਾਰ ਆਪਣੀ ਸਬੰਧਤ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।