ਵੋਟਰ ਕਾਰਡਾਂ ਨੂੰ ਆਧਾਰ ਨਾਲ ਲਿੰਕ ਕਰਨ ’ਚ ਕਿਸੇ ਦਾ ਵੀ ਨਿੱਜੀ ਡਾਟਾ ਜਨਤਕ ਨਹੀਂ ਹੁੰਦਾ-ਐਸ ਡੀ ਐਮ ਬਲਜਿੰਦਰ ਢਿੱਲੋਂ

ਬੀ ਐਲ ਓਜ਼ ਨੂੰ ਆਪਣਾ ਆਧਾਰ ਨੰਬਰ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਦੇਣ ਮਤਦਾਤਾ
ਨਵਾਂਸ਼ਹਿਰ, 27 ਅਗਸਤ : ਉੱਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਵਿਧਾਨ ਸਭਾ ਹਲਕਾ-047 ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਅੱਜ ਇੱਥੇ ਆਖਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡਾਂ (ਮਤਦਾਤਾ ਸ਼ਨਾਖਤੀ ਕਾਰਡ) ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਕਾਮਯਾਬ ਕਰਨ ਲਈ ਮਤਦਾਤਾ ਆਪਣੇ ਆਧਾਰ ਨੰਬਰ ਬੀ ਐਲ ਓਜ਼ ਨੂੰ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਝਿਜਕ ਨਾ ਦਿਖਾਉਣ, ਕਿਉਂ ਜੋ ਇਕੱਲਾ ਨੰਬਰ ਦੇਣ ਨਾਲ ਉਨ੍ਹਾਂ ਦੇ ਨਿੱਜੀ ਡਾਟੇ ਨੂੰ ਕੋਈ ਖਤਰਾ ਨਹੀਂ।
ਉਨ੍ਹਾਂ ਨੇ ਵਿਧਾਨ ਸਭਾ ਹਲਕਾ-047 ਨਵਾਂਸ਼ਹਿਰ ਦੇ ਸੈਕਟਰ ਸੁਪਰਵਾਇਜ਼ਰਾਂ ਅਤੇ ਬੀ.ਐਲ.ਓਜ਼ ਨੂੰ ਵੀ ਹਦਾਇਤ ਕੀਤੀ ਕਿ ਆਪੋ-ਆਪਣੇ ਬੂਥਾਂ ਦੇ ਵੋਟਰਾਂ ਦੇ ਵੋਟਰ ਕਾਰਡ ਗਰੂਡਾ ਐਪ ਰਾਹੀਂ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਗੁਰਦੁਆਰਿਆਂ/ਮੰਦਿਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਅਨਾਊਂਸਮੈਂਟ ਕਰਵਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਵੋਟ ਅਧਾਰ ਕਾਰਡ ਨਾਲ ਲਿੰਕ ਕੀਤੀ ਜਾ ਸਕੇ।
ਡਾ. ਢਿੱਲੋਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੋਟਰ ਖੁਦ ਵੀ ਆਪਣੇ ਮੋਬਾਇਲ ਰਾਹੀਂ ਵੋਟਰ ਹੈਲਪਲਾਈਨ ਐਪ ਅਤੇ ਆਨਲਾਈਨ ਐਨ ਵੀ ਐਸ ਪੀ ਡੋਟ ਇੰਨ ਸਾਈਟ 'ਤੇ ਜਾ ਕੇ ਆਪਣੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ। ਉਨ੍ਹਾਂ ਇੱਕ ਵਾਰ ਫ਼ਿਰ ਦੁਹਰਾਇਆ ਕਿ ਅਧਾਰ ਨੰਬਰ ਨੂੰ ਵੋਟਰ ਕਾਰਡ ਨਾਲ ਲਿੰਕ ਕਰਨਾ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵਲੋਂ ਜਾਰੀ ਹੁਕਮਾਂ ਅਨੁਸਾਰ ਕਿਸੇ ਦੇ ਅਧਾਰ ਨੰਬਰ ਦੀ ਕੋਈ ਵੀ ਦੁਰਵਰਤੋ ਨਹੀਂ ਕੀਤੀ ਜਾਵੇਗੀ, ਕੇਵਲ ਅਧਾਰ ਨੰਬਰ ਦੀ ਵਰਤੋਂ ਵੋਟਰ ਕਾਰਡ ਵੈਰੀਫਾਈ ਕਰਨ ਲਈ ਹੀ ਕੀਤੀ ਜਾਵੇਗੀ, ਇਸ ਤੋਂ ਇਲਾਵਾ ਵੋਟਰ ਦੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਜਾਵੇਗੀ।
ਐਸ ਡੀ ਐਮ ਨਵਾਂਸ਼ਹਿਰ ਅਨੁਸਾਰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਮਿਤੀ 04.09.2022 ਨੂੰ ਹਲਕੇ ਅੰਦਰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ, ਇਸ ਦਿਨ ਬੀ ਐਲ ਓਜ਼ (ਬੂਥ ਲੈਵਲ ਅਫ਼ਸਰ) ਆਪਣੇ-ਆਪਣੇ ਬੂਥਾਂ 'ਤੇ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਵੋਟਰ ਆਪਣੇ-ਆਪਣੇ ਬੂਥ 'ਤੇ ਜਾ ਕੇ ਆਪਣੀ ਵੋਟ ਅਧਾਰ ਨੰਬਰ ਨਾਲ ਲਿੰਕ ਕਰਵਾ ਸਕਦੇ ਹਨ। ਇਸ ਪ੍ਰੋਗਰਾਮ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਵਿਧਾਨ ਸਭਾ ਹਲਕਾ-047 ਨਵਾਂਸ਼ਹਿਰ-ਕਮ-ਉੱਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਵਲੋਂ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਆਪਣਾ ਅਧਾਰ ਨੰਬਰ ਬੀ.ਐਲ.ਓਜ਼ ਨੂੰ ਦੇਣ ਵਿੱਚ ਝਿਜਕ ਨਾ ਕੀਤੀ ਜਾਵੇ ਕਿਉਂਕਿ ਇਕੱਲੇ ਅਧਾਰ ਨੰਬਰ ਨਾਲ ਕੋਈ ਵੀ ਫਰਾਡ ਨਹੀਂ ਹੋ ਸਕਦਾ ਬਸ਼ਰਤੇ ਜਦ ਤੱਕ ਆਧਾਰ ਕਾਰਡ ਧਾਰਕ ਵਲੋਂ ਓ ਟੀ ਪੀ ਸ਼ੇਅਰ ਨਹੀਂ ਕੀਤਾ ਜਾਂਦਾ ਜਾਂ ਆਪਣੇ ਮੋਬਾਇਲ ਵਿੱਚ ਆਉਣ ਵਾਲੇ ਮੈਸਜ\ਲਿੰਕ ਉੱਪਰ ਕਲਿੱਕ ਕਰਦੇ ਹੋਏ ਆਪਣਾ ਡਾਟਾ ਸ਼ੇਅਰ ਨਹੀਂ ਕੀਤਾ ਜਾਂਦਾ। ਇਸ ਮੌਕੇ ਨਵਾਂਸ਼ਹਿਰ ਦੇ ਤਹਿਸੀਲਦਾਰ ਸਰਵੇਸ਼ ਰਾਜਨ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।