ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਖੇਡ ਮੇਲਾ-2022 ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਪੰਜਾਬ ਖੇਡ ਮੇਲਾ-2022 ਪੰਜਾਬ ਵਿੱਚ ਖੇਡ ਸਭਿਆਚਾਰ ਨੂੰ ਸੁਰਜੀਤ ਕਰਨ ਦਾ ਆਧਾਰ ਬਣੇਗਾ-ਖੇਡ ਮੰਤਰੀ

ਆਨਲਾਈਨ ਐਂਟਰੀਆਂ ਰਾਹੀਂ ਆਉਣ ਵਾਲਾ ਡੈਟਾ ਬੇਸ ਭਵਿੱਖ ਦੇ ਚੈਂਪੀਅਨਾਂ ਦੀ ਬੁਨਿਆਦ ਬਣੇਗਾ

ਸੂਬੇ 'ਚ ਪਿੰਡ ਪੱਧਰ 'ਤੇ ਖੇਡਾਂ ਲਈ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਜਾਵੇਗਾ

ਨਵਾਂਸ਼ਹਿਰ, 18 ਅਗਸਤ, :- ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਪੰਜਾਬ ਖੇਡ ਮੇਲਾ-2022 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਆਖਿਆ ਕਿ 2 ਮਹੀਨੇ ਚੱਲਣ ਵਾਲੇ ਇਸ ਖੇਡ ਕੁੰਭ ਵਿੱਚ 5 ਲੱਖ ਦੇ ਕਰੀਬ ਖਿਡਾਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਹ ਖੇਡ ਮੇਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 29 ਅਗਸਤ ਨੂੰ ਜਲੰਧਰ ਵਿਖੇ ਸ਼ਰੂ ਕੀਤਾ ਜਾਵੇਗਾ।*
ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਦੀ ਆਨਲਾਈਨ ਐਂਟਰੀ ਦਾ ਮਕਸਦ ਪੰਜਾਬ 'ਚੋਂ ਖਿਡਾਰੀਆਂ ਦਾ ਡੈਟਾ ਤਿਆਰ ਕਰਕੇ, ਉਨ੍ਹਾਂ ਨੂੰ ਭਵਿੱਖ ਦੇ ਚੈਂਪੀਅਨਾਂ ਵਜੋਂ ਤਿਆਰ ਕਰਨਾ ਹੋਵੇਗਾ। ਇਨ੍ਹਾਂ ਖੇਡਾਂ ਦੇ ਨਾਲ ਹੀ ਪੰਜਾਬ ਦੇ ਸਮੂਹ ਪਿੰਡਾਂ 'ਚ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਵੀ ਸਾਡਾ ਉਦੇਸ਼ ਹੈ ਜਿਸ ਨਾਲ ਅਸੀਂ ਆਪਣੀ ਨੌਜੁਆਨ ਤੇ ਪੁੰਗਰਦੀ ਪਨੀਰੀ ਨੂੰ ਨਸ਼ਿਆਂ ਦੇ ਵਹਾਅ 'ਚੋਂ ਬਾਹਰ ਕੱਢ ਸਕਦੇ ਹਾਂ।
ਉਨ੍ਹਾਂ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਸਮੇਤ ਐਮ ਐਲ ਏ ਸਾਹਿਬਾਨ ਸੰਤੋਸ਼ ਕਟਾਰੀਆ, ਡਾ. ਨਛੱਤਰ ਪਾਲ ਤੇ ਜ਼ਿਲ੍ਹੇ ਦੇ ਸੀਨੀਅਰ ਆਪ ਆਗੂਆਂ ਲਲਿਤ ਮੋਹਨ ਪਾਠਕ ਤੇ ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਐਸ ਪੀ ਅਤੇ ਉੱਘੀ ਫੁੱਟਬਾਲਰ ਗੁਰਮੀਤ ਕੌਰ, ਦੀਪਕ ਬਾਲੀ ਤੇ ਹੋਰ ਅਧਿਕਾਰੀਆਂ ਨਾਲ ਇਨ੍ਹਾਂ ਖੇਡਾਂ 'ਚ 14 ਸਾਲ ਤੋਂ ਲੈ ਕੇ 50 ਸਾਲ ਤੋਂ ਉੱਪਰ ਤੱਕ ਦੀ ਉਮਰ ਦੇ ਹਰੇਕ ਖਿਡਾਰੀ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਿਚਾਰ ਕੀਤਾ।
ਉਨ੍ਹਾਂ ਕਿਹਾ ਕਿ ਉਹ ਵੀ ਸਮਾਂ ਸੀ ਜਦੋਂ ਪੰਜਾਬ ਖੇਡਾਂ ਦੇ ਖੇਤਰ ਵਿੱਚ ਦੇਸ਼ ਵਿੱਚ ਨੰਬਰ ਇੱਕ 'ਤੇ ਸੀ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਖੇਡਾਂ ਵੱਲ ਦਿਖਾਏ ਉਦਾਸੀਨ ਵਤੀਰੇ ਤੋਂ ਬਾਅਦ ਅਸੀਂ ਬਹੁਤ ਪਿੱਛੇ ਪੈ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਕਾਮਨ ਵੈਲਥ ਖੇਡਾਂ 'ਚ ਪੰਜਾਬ ਦੇ ਕੁੱਝ ਇੱਕ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ ਪਰ ਅਜਿਹੇ ਖਿਡਾਰੀ ਬਣਾਉਣ ਲਈ ਸਾਨੂੰ ਪੰਜਾਬ ਅੰਦਰ ਲੁੱਕੀ ਖੇਡ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਲੋੜ ਹੈ।
ਖੇਡ ਤੇ ਯੁਵਕ ਸੇਵਾਵਾਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਆਨਲਾਈਨ ਐਂਟਰੀ ਜੋ ਕਿ ਵੈਬਸਾਈਟ punjabkhedmela2022.in ਰਾਹੀਂ ਕੀਤੀ ਜਾ ਸਕਦੀ ਹੈ, ਦੁਆਰਾ ਅਸੀਂ ਪੰਜਾਬ 'ਚੋਂ 5 ਲੱਖ ਦੇ ਕਰੀਬ ਉਭਰਦੇ ਤੇ ਦੂਸਰੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਦੀ ਆਸ ਰੱਖਦੇ ਹਾਂ। ਜ਼ਿਲ੍ਹਾ ਖੇਡ ਦਫ਼ਤਰਾਂ ਵਿੱਚ ਆਫ਼ਲਾਈਨ ਐਂਟਰੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਵੀ ਅੱਗੇ ਇਨ੍ਹਾਂ ਖੇਡਾਂ ਦੌਰਾਨ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਆਪੋ-ਆਪਣੇ ਸਮੇਂ 'ਚ ਖੇਡਾਂ 'ਚ ਮੱਲਾਂ ਮਾਰ ਚੁੱਕੇ ਸਾਬਕਾ ਖਿਡਾਰੀਆਂ ਦੀ ਸ਼ਮੂਲੀਅਤ ਕਰਵਾ ਕੇ, ਉਨ੍ਹਾਂ ਨੂੰ ਨਵੀਂ ਖੇਡ ਪਨੀਰੀ ਦਾ ਪ੍ਰੇਰਨਾਸ੍ਰੋਤ ਬਣਾਇਆ ਜਾਵੇਗਾ।
ਉਨ੍ਹਾਂ ਆਖਿਆ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਵਿੱਚ 6 ਸਾਲ ਤੱਕ ਖੇਡਾਂ ਦਾ ਸਮਾਨ ਖ੍ਰੀਦਣ ਲਈ ਕੋਈ ਬਜਟ ਹੀ ਨਹੀਂ ਰੱਖਿਆ ਗਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਬਜਟ ਵਿੱਚ ਹੀ ਖੇਡਾਂ ਤੇ ਯੁਵਕ ਸੇਵਾਵਾਂ 'ਚ 52 ਫ਼ੀਸਦੀ ਵਾਧਾ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਰਾਜ ਦੇ ਸਮੂਹ ਪਿੰਡਾਂ 'ਚ ਖੇਲੋ ਇੰਡੀਆ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਮਨਰੇਗਾ ਤਹਿਤ ਖੇਡ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਜ਼ਿਲ੍ਹੇ 'ਚ ਹੋਣ ਵਾਲੇ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ ਵੱਧ ਤੋਂ ਵੱਧ ਲੋਕਾਂ ਅਤੇ ਖਿਡਾਰੀਆਂ ਦੀ ਸ਼ਮੂਲੀਅਤ ਲਈ ਖੇਡ ਗਰਾਊਂਡਾਂ, ਪੰਚਾਇਤਾਂ, ਸਕੂਲਾਂ ਆਦਿ ਮਾਧਿਅਮਾਂ ਰਾਹੀਂ ਖਿਡਾਰੀਆਂ ਤੱਕ ਪਹੁੰਚ ਕਰਨ ਲਈ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਢਿੱਲੋਂ, ਡਾ. ਗੁਰਲੀਨ ਸਿੱਧੂ ਪੀ ਸੀ ਐਸ (ਸਿਖਲਾਈ ਅਧੀਨ), ਡੀ ਡੀ ਪੀ ਓ ਦਵਿੰਦਰ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਉੱਪ ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਕੁਮਾਰ, ਜਨਰਲ ਮੈਨੇਜਰ ਰਡੋਵੇਜ਼ ਜਸਵੀਰ ਸਿੰਘ, ਜ਼ਿਲ੍ਹਾ ਯੂਥ ਅਫ਼ਸਰ, ਨਹਿਰੂ ਯੁਵਾ ਕੇਂਦਰ ਵੰਦਨਾ ਲਾਓ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ, ਆਪ ਆਗੂ ਬਲਬੀਰ ਸਿੰਘ ਕਰਨਾਣਾ ਤੇ ਇੰਦਰਜੀਤ ਮਾਨ ਅਤੇ ਜ਼ਿਲ੍ਹੇ ਦੇ ਖੇਡ ਕੋਚ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।