ਭਾਰਤੀ ਡਾਕ ਵਿਭਾਗ ਵੱਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਕਰਮਚਾਰੀਆਂ ਦੇ ਕੰਮਕਾਜੀ ਹੁਨਰ ਨਿਖਾਰ ਲਈ ਵਿਸ਼ੇਸ਼ ਮੁਹਿੰਮ ਤਹਿਤ ਸਿਖਲਾਈ ਪ੍ਰੋਗਰਾਮ

ਪਟਿਆਲਾ, 26 ਅਗਸਤ: ਭਾਰਤੀ ਡਾਕ ਵਿਭਾਗ ਨੇ ਆਮ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ
ਕਰਨ ਦੇ ਉਦੇਸ਼ ਨਾਲ ਆਪਣੇ ਕਰਮਚਾਰੀਆਂ ਦੇ ਕੰਮਕਾਜੀ ਹੁਨਰ ਦੇ ਨਿਖਾਰ ਲਈ ਇੱਕ
ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਪਟਿਆਲਾ ਦੇ ਮੁੱਖ ਡਾਕ ਘਰ ਵਿਖੇ ਇੱਕ
ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਡਾਕ ਸਰਕਲ,
ਚੰਡੀਗੜ੍ਹ ਦੇ ਚੀਫ ਪੋਸਟਲ ਜਨਰਲ ਵੀ.ਕੇ.ਗੁਪਤਾ ਨੇ ਕੀਤੀ।
ਚੀਫ ਪੋਸਟਲ ਜਨਰਲ ਨੇ ਕਰਮਚਾਰੀਆਂ ਨੂੰ ਡਾਕਖਾਨੇ ਵਿੱਚ ਲੋਕਾਂ ਨੂੰ ਬਿਹਤਰ ਸੇਵਾਵਾਂ
ਪ੍ਰਦਾਨ ਕਰਨ ਦੇ ਗੁਰ ਸਿਖਾਏ, ਉਥੇ ਹੀ ਮੁੱਖ ਡਾਕ ਘਰ ਦੇ ਅਹਾਤੇ ਵਿੱਚ ਬੂਟੇ ਲਗਾ ਕੇ
ਰੁੱਖ ਲਗਾਉਣ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ।
ਵੀ.ਕੇ.ਗੁਪਤਾ ਨੇ ਕਿਹਾ ਕਿ ਡਾਕ ਵਿਭਾਗ ਨੇ ਬਦਲਦੇ ਸਮੇਂ ਦੇ ਨਾਲ ਆਪਣੇ ਆਪ ਨੂੰ
ਅਪਗ੍ਰੇਡ ਕੀਤਾ ਹੈ, ਜਿਸਦਾ ਸਬੂਤ ਹੈ ਕਿ ਅੱਜ ਖਾਤਾਧਾਰਕਾਂ ਨੂੰ ਡਾਕ ਵਿਭਾਗ ਦੇ ਬਚਤ
ਖਾਤੇ ਵਿੱਚੋਂ ਪੈਸੇ ਜਮ੍ਹਾ/ਕਢਵਾਉਣ ਲਈ ਡਾਕਘਰ ਜਾਣ ਦੀ ਲੋੜ ਨਹੀਂ ਹੈ, ਸਗੋਂ ਉਹ
ਏ.ਟੀ.ਐਮ./ਆਨਲਾਈਨ ਬੈਂਕਿੰਗ ਰਾਹੀਂ ਕਰ ਸਕਦੇ ਹਨ ਅਤੇ ਲੈਣ-ਦੇਣ ਕਿਤੇ ਵੀ ਕੀਤਾ ਜਾ
ਸਕਦਾ ਹੈ। ਇਸ ਮੌਕੇ ਪੋਸਟ ਆਫਿਸ ਪਟਿਆਲਾ ਡਵੀਜ਼ਨ ਦੇ ਸੁਪਰਡੈਂਟ ਪ੍ਰਭਾਤ ਗੋਇਲ ਅਤੇ
ਪਟਿਆਲਾ ਦੇ ਸੀਨੀਅਰ ਪੋਸਟ ਮਾਸਟਰ ਹੇ ਰਾਮ ਸਕਸੈਨਾ ਸਮੇਤ ਡਾਕਘਰ ਦਾ ਸਟਾਫ ਹਾਜ਼ਰ ਸੀ।