ਨਵਾਂਸ਼ਹਿਰ 19 ਅਗਸਤ : ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਨਾਲ ਕੀਤੀ ਕਮਾਈ ਨਾਲ ਅਰਬਾਂ ਰੁਪਏ ਦੀ ਜਾਇਦਾਦ ਬਣਾਉਣ ਵਾਲੀ ਚਿੱਟ ਫੰਡ ਕੰਪਨੀ "ਪਰਲ" ਦੀ ਉੱਚ ਪੱਧਰੀ ਜਾਂਚ ਕਰਾਉਣ ਦੇ ਹੁਕਮ ਮਾਣਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਹੁਣ ਉਨ੍ਹਾਂ ਲੱਖਾਂ ਲੋਕਾਂ ਦੀ ਉਮੀਦ ਜਾਗ ਗਈ ਹੈ ਜਿਨ੍ਹਾਂ ਨੇ ਇਸ ਪਰਲ ਕੰਪਨੀ ਵਿੱਚ ਆਪਣੇ ਪੈਸੇ ਨਿਵੇਸ਼ ਕੀਤੇ ਸਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਯੂਥ ਵਿੰਗ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਸਤਨਾਮ ਸਿੰਘ ਜਲਵਾਹਾ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੱਖਾਂ ਲੋਕਾਂ ਦੀ ਮਿਹਨਤ ਨਾਲ ਕੀਤੀ ਕਮਾਈ ਨੂੰ ਵਾਪਿਸ ਕਰਾਉਣ ਲਈ ਪਰਲ ਕੰਪਨੀ ਖ਼ਿਲਾਫ਼ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਜਿਸਦੇ ਵੇਰਵੇ ਜ਼ਲਦੀ ਲੋਕਾਂ ਦੇ ਸਾਹਮਣੇ ਆਉਣਗੇ। ਜਲਵਾਹਾ ਨੇ ਦੱਸਿਆ ਕਿ ਪਰਲ ਕੰਪਨੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਅਰਬਾਂ ਰੁਪਏ ਦੀ ਠੱਗੀ ਮਾਰਕੇ ਜੋ ਜਾਇਦਾਦ ਬਣਾਈ ਗਈ ਹੈ ਉਸਨੂੰ ਜ਼ਬਤ ਕਰਕੇ ਅਤੇ ਸਾਰੀ ਜਾਂਚ ਪੜਤਾਲ ਕਰਕੇ ਪੰਜਾਬ ਦੇ ਉਨ੍ਹਾਂ ਸਾਰੇ ਲੋਕਾਂ ਦੇ ਪੈਸੇ ਵਾਪਿਸ ਕਰਵਾਏ ਜਾਣਗੇ ਜਿਨ੍ਹਾਂ ਨੇ ਇਸ ਪਰਲ ਕੰਪਨੀ ਵਿੱਚ ਆਪਣੇ ਖੂਨ ਪਸੀਨੇ ਦੀ ਕਮਾਈ ਨਿਵੇਸ਼ ਕੀਤੀ ਹੋਈ ਸੀ। ਜਲਵਾਹਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਰਲ ਕੰਪਨੀ ਦਾ ਮਾਲਕ ਭੰਗੂ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਉਸਦੀ ਜਾਇਦਾਦ ਸਰਕਾਰ ਵੱਲੋਂ ਜ਼ਬਤ ਕੀਤੀ ਹੋਈ ਸੀ ਪਰ ਅੱਜ ਤੱਕ ਲੋਕਾਂ ਦੇ ਨਿਵੇਸ਼ ਕੀਤੇ ਪੈਸੇ ਕਿਸੇ ਵੀ ਸਰਕਾਰ ਨੇ ਵਾਪਿਸ ਨਹੀਂ ਕਰਵਾਏ। ਹੁਣ ਪੰਜਾਬ ਵਿੱਚ ਆਮ ਲੋਕਾਂ ਵੱਲੋਂ ਬਣਾਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਉਸਨੂੰ ਪੂਰਾ ਕਰਨ ਲਈ ਲੋਕਾਂ ਦਾ ਇੱਕ ਇੱਕ ਰੁਪਿਆ ਵਾਪਿਸ ਕਰਵਾਇਆ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ। ਇਸ ਮੌਕੇ ਜਲਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਇੱਕ ਵਾਅਦਾ ਸਮਾਂ ਰਹਿੰਦਿਆਂ ਪੂਰਾ ਕੀਤਾ ਜਾਵੇਗਾ ਅਤੇ ਆਪਣੇ ਮੈਨੀਫੈਸਟੋ ਦੇ 100% ਵਾਅਦੇ ਪੂਰੇ ਕਰਕੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਇਤਿਹਾਸ ਸਿਰਜਿਆ ਜਾਵੇਗਾ। ਅੱਜ ਤੱਕ ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਵੀ ਸਰਕਾਰ ਨੇ ਆਪਣੇ ਸੌਂ ਫੀਸਦੀ ਵਾਅਦੇ ਪੂਰੇ ਨਹੀਂ ਕੀਤੇ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਕੇ ਬੁਨਿਆਦੀ ਲੋੜਾਂ ਤੋਂ ਵਾਂਝੇ ਰੱਖਿਆ ਗਿਆ ਸੀ ਪਰ ਹੁਣ ਮਾਨ ਸਰਕਾਰ ਵੱਲੋਂ ਸਿਹਤ ਸਿੱਖਿਆ ਅਤੇ ਰੁਜ਼ਗਾਰ ਤਿੰਨੋਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਇਤਿਹਾਸਕ ਕੰਮ ਕੀਤੇ ਜਾ ਰਹੇ ਹਨ ਅਤੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰਕੇ ਪੰਜਾਬ ਨੂੰ ਹੱਸਦਾ ਵੱਸਦਾ ਅਤੇ ਰੰਗਲਾ ਪੰਜਾਬ ਬਣਾਇਆ ਜਾਵੇਗਾ। ਪਰਲ ਕੰਪਨੀ ਵੱਲੋਂ ਲੱਖਾਂ ਲੋਕਾਂ ਨਾਲ ਕੀਤੇ ਘਪਲੇ ਅਤੇ ਮਾਰੀ ਠੱਗੀ ਦੀ ਬਣਦੀ ਸਜ਼ਾ ਵੀ ਕੰਪਨੀ ਦੇ ਮਾਲਕਾਂ ਨੂੰ ਮਿਲੇਗੀ ਅਤੇ ਨਿਵੇਸ਼ ਕਰਨ ਵਾਲੇ ਹਰ ਵਿਅਕਤੀ ਦੇ ਪੈਸੇ ਵੀ ਵਾਪਿਸ ਕਰਵਾਏ ਜਾਣਗੇ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪਰਲ ਕੰਪਨੀ ਖ਼ਿਲਾਫ਼ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ, ਇਸ ਕਦਮ ਨਾਲ ਲੱਖਾਂ ਲੋਕਾਂ ਨੂੰ ਇਨਸਾਫ਼ ਮਿਲੇਗਾ ਅਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਵੀ ਉਨ੍ਹਾਂ ਨੂੰ ਵਾਪਿਸ ਮਿਲਣਗੇ।