ਜ਼ਿਲ੍ਹੇ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਮੁਕਾਬਲੇ ਅੱਜ ਤੋਂ

ਜ਼ਿਲ੍ਹੇ ਦੇ ਪੰਜਾਂ ਬਲਾਕਾਂ 'ਚ ਵੱਖ-ਵੱਖ ਦਿਨਾਂ 'ਚ ਹੋਣਗੇ ਮੁਕਾਬਲੇ
ਨਵਾਂਸ਼ਹਿਰ, 31 ਅਗਸਤ : ਖੇਡ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਬੈਨਰ ਹੇਠ ਸੂਬੇ ਭਰ 'ਚ ਭਲਕੇ 1 ਸਤੰਬਰ ਤੋਂ ਸ਼ੁਰੂ ਹੋ ਜਾ ਰਹੇ ਬਲਾਕ ਪੱਧਰੀ ਮੁਕਾਬਲਿਆਂ ਦੀ ਲੜੀ 'ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਭ ਤੋਂ ਪਹਿਲੇ ਮੁਕਾਬਲੇ ਬੰਗਾ ਬਲਾਕ ਦੇ ਹੋਣਗੇ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸ਼ਾਮ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨਾਲ ਖੇਡਾਂ ਦੇ ਬੰਦੋਬਸਤ ਅਤੇ ਤਿਆਰੀਆਂ ਸਬੰਧੀ ਵਿਸਤਿ੍ਰਤ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਬਲਾਕ ਪੱਧਰੀ ਖੇਡਾਂ 'ਚ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਯਕੀਨੀ ਣਬਾਈ ਜਾਵੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ ਕਬੱਡੀ ਸਰਕਲ ਸਟਾਈਲ, ਕਬੱਡੀ ਨੈਸ਼ਨਲ ਸਟਾਈਲ, ਰੱਸਾਕਸ਼ੀ, ਐਥਲੈਟਿਕਸ, ਖੋਹ-ਖੋਹ, ਫੁੱਟਬਾਲ ਅਤੇ ਵਾਲੀਬਾਲ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਬਲਾਕ ਬੰਗਾ 'ਚ ਮਿਤੀ 1 ਅਤੇ 2 ਸਤੰਬਰ ਨੂੰ , ਬਲਾਕ ਔੜ 'ਚ 3 ਅਤੇ 5 ਸਤੰਬਰ ਨੂੰ, ਬਲਾਕ ਨਵਾਂਸ਼ਹਿਰ 'ਚ 6 ਅਤੇ 7 ਸਤੰਬਰ ਨੂੰ, ਬਲਾਕ ਬਲਾਚੌਰ 'ਚ 8 ਅਤੇ 9 ਸਤੰਬਰ ਨੂੰ ਅਤੇ ਬਲਾਕ ਸੜੋਆ 'ਚ 8 ਅਤੇ 9 ਸਤੰਬਰ ਨੂੰ ਖੇਡਾਂ ਹੋਣ ਜਾ ਰਹੀਆਂ ਹਨ।  ਇਨ੍ਹਾਂ ਖੇਡਾਂ ਸਬੰਧੀ ਉਮਰ ਵਰਗ ਵਿਚ, ਸਥਾਨ ਤੇ ਮਿਤੀ ਸਬੰਧੀ ਪੂਰੀ ਜਾਣਕਾਰੀ ਖੇਡ ਵਿਭਾਗ ਦੀ ਵੈਬਸਾਈਟ pbsports.punjab.gov.in ਤੇ www.punjabkhedmela2022.in <http://www.punjabkhedmela2022.in> ਉੱਤੇ ਵੀ ਉਪਲਬਧ ਹੈ। ਇਸ ਤੋਂ ਇਲਾਵਾ ਇਨ੍ਹਾਂ ਖੇਡਾਂ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਜ਼ਿਲ੍ਹਾ ਖੇਡ ਦਫ਼ਤਰ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ ਪ੍ਰਾਪਤ ਕੀਤੀ ਜਾ ਸਕਦੀ ਹੈ।