ਬੀ ਪੀ ਓ ਖੇਤਰ ’ਚ ਰੋਜ਼ਗਾਰ ਲਈ ਨਵਾਂਸ਼ਹਿਰ ਦੇ 34 ਉਮੀਦਵਾਰ ਦੂਸਰੇ ਰਾਊਂਡ ਦੀ ਇੰਟਰਵਿਊ ਲਈ ਚੁਣੇ ਗਏ

ਨਵਾਂਸ਼ਹਿਰ, 26 ਅਗਸਤ : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਖੋਲ੍ਹੇ ਗਏ ਜ਼ਿਲ੍ਹਾ
ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬੇਰੋਜ਼ਗਾਰਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੋਲ੍ਹਣ ਵਿੱਚ
ਵਰਦਾਨ ਸਾਬਿਤ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ
ਨਿਭਾਅ ਰਹੇ ਹਨ।
ਇਹ ਪ੍ਰਗਟਾਵਾ ਕਰਦੇ ਹੋਏ ਸੰਜੀਵ ਕੁਮਾਰ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ
ਸਿਖਲਾਈ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ 'ਮਿਸ਼ਨ ਸੁਨਹਿਰੀ ਸ਼ੁਰੂਆਤ' ਤਹਿਤ
ਬੀ.ਪੀ.ਓ. (ਬਿਜ਼ਨੈਸ ਪ੍ਰੋਸੈਸ ਆਊਟਸੋਰਸ) ਖੇਤਰ ਵਿੱਚ ਰੋਜ਼ਗਾਰ ਦੇ ਮੌਕਿਆਂ ਲਈ ਬਿਊਰੋ
ਵੱਲੋਂ 47 ਬੇਰੋਜ਼ਗਾਰਾਂ ਨੂੰ 10 ਦਿਨਾਂ ਦੀ ਸੋਫ਼ਟ ਸਕਿੱਲਜ਼ ਦੀ ਟੇ੍ਰਨਿੰਗ ਦਿੱਤੀ ਗਈ
ਸੀ। ਸਿਖਲਾਈ ਪ੍ਰਾਪਤ ਉਮੀਦਵਾਰਾਂ ਵਿੱਚੋਂ 34 ਉਮੀਦਵਾਰਾਂ ਨੇ 25 ਅਗਸਤ ਨੂੰ ਲੁਧਿਆਣਾ
ਵਿਖੇ ਲੱਗੇ ਪਲੇਸਮੈਂਟ ਕੈਂਪ ਵਿੱਚ ਭਾਗ ਲਿਆ ਅਤੇ ਜ਼ਿਲ੍ਹੇ ਦੇ ਸਾਰੇ 34 ਉਮੀਦਵਾਰਾਂ
ਨੂੰ ਪਹਿਲੇ ਰਾਊਂਡ ਵਿੱਚ ਚੁਣ ਲਿਆ ਗਿਆ ਹੈ। ਹੁਣ ਇਨ੍ਹਾਂ ਪਹਿਲੇ ਰਾਊਂਡ ਵਿੱਚ ਚੁਣੇ
ਗਏ ਉਮੀਦਵਾਰਾਂ ਨੂੰ ਦੂਜੇ ਰਾਊਂਡ ਦੀ ਇੰਟਰਵਿਊ ਲਈ ਮੋਹਾਲੀ ਵਿਖੇ 29 ਅਗਸਤ ਨੂੰ
ਬੁਲਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰਾਂ ਦੀ ਲੁਧਿਆਣਾ ਵਿਖੇ ਲੱਗੇ ਪਲੇਸਮੈਂਟ ਕੈਂਪ ਵਿੱਚ
ਸ਼ਮੂਲੀਅਤ ਲਈ ਬਿਊਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੱਸ ਦਾ ਵੀ ਪ੍ਰਬੰਧ
ਕੀਤਾ ਗਿਆ ਸੀ। ਲੁਧਿਆਣਾ ਵਿਖੇ ਲੱਗੇ ਪਲੇਸਮੈਂਟ ਕੈਂਪ ਵਿੱਚ ਡਾਕਟਰ ਆਈ.ਟੀ.ਐਮ,
ਵਿੰਡੋ ਟੈਕਨਾਲੋਜੀਜ਼ ਅਤੇ ਟੈਲੀਪਰਫੋਰਮੈਂਸ ਕੰਪਨੀਆਂ ਵੱਲੋਂ ਭਾਗ ਲਿਆ ਗਿਆ। ਉੁਨ੍ਹਾਂ
ਦੱਸਿਆ ਕਿ ਰੋਜ਼ਗਾਰ/ ਸਵੈ-ਰੋਜ਼ਗਾਰ/ ਹੁਨਰ ਵਿਕਾਸ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ
ਬਿਊਰੋ, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ, ਚੰਡੀਗੜ੍ਹ ਰੋਡ, ਨਵਾਂਸ਼ਹਿਰ
ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।