ਬਸਿਆਲਾ ਵਿਖੇ ਕਲੀਨਿਕ ਬਨਾਉਣ ਵਾਲੇ ਪ੍ਰਵਾਸੀ ਸ. ਬਹਾਦਰ ਸਿੰਘ ਗੋਲਡ ਮੈਡਲ ਨਾਲ ਸਨਮਾਨਿਤ

ਸਿਹਤ ਸਹੂਲਤ: ਤਿਆਰੀਆਂ ਆਮ ਆਦਮੀ ਕਲੀਨਿਕ ਦੀਆਂ

-ਸਿਹਤ ਸਹੂਲਤਾਂ ਲਈ ਲੱਖਾਂ ਡਾਲਰ ਦੀ ਇਮਾਰਤ ਇਲਾਕੇ ਲਈ ਭੇਟ
- ਸਿਹਤ ਵਿਭਾਗ ਨੇ ਭੇਜਿਆ ਫਰਨੀਚਰ, ਤਿਆਰੀਆਂ ਮੁਕੰਮਲ
-ਬਜ਼ੁਰਗਾਂ ਦੀ ਯਾਦ ਬਣਾਈ ਰੱਖਣ ਲਈ ਤਸਵੀਰਾਂ ਤੋਂ ਪਰਦਾ ਚੁੱਕਿਆ

ਨਵਾਂਸ਼ਹਿਰ 13 ਅਗਸਤ :- ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਹੁਣ 75 ਦੀ ਥਾਂ 100 'ਆਮ ਆਦਮੀ ਕਲੀਨਿਕ' ਪੰਜਾਬ ਦੇ ਵਿਚ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਕਲੀਨਿਕਾਂ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਆਪਣੀਆਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਦਾ ਆਪਣਾ ਵਾਅਦਾ ਪੂਰਾ ਕਰਨ ਜਾ ਰਹੀ ਹੈ, ਉਥੇ ਇਸ ਕਲੀਨਿਕ ਨੂੰ ਲੈ ਕੇ ਵਿਦੇਸ਼ ਵਸਦੇ ਪ੍ਰਵਾਸੀ ਵੀ ਕਾਫੀ ਉਤਸੁਕ ਹਨ, ਕਿਉਂਕਿ ਇਹ ਕਲੀਨਿਕਾਂ ਪਿੰਡ ਦੇ ਵਿਚ ਸ਼ੁਰੂ ਹੋ ਰਹੀਆਂ ਹਨ। ਹਲਕਾ ਗੜ੍ਹਸ਼ੰਕਰ ਦੇ ਵਿਚ ਖੁੱਲ੍ਹਣ ਵਾਲਾ ਇਕੋ-ਇਕ ਕਲੀਨਿਕ ਪਿੰਡ ਬਸਿਆਲਾ ਵਿਖੇ ਖੋਲ੍ਹਿਆ ਜਾ ਰਿਹਾ ਹੈ। ਇਸ ਕਲੀਨਿਕ ਦੀ ਖਾਸੀਅਤ ਇਹ ਹੈ ਕਿ ਇਹ ਸ਼ਾਇਦ ਪਹਿਲਾ ਕਲੀਨਿਕ ਹੋਵੇਗਾ ਜਿਹੜਾ ਕਿਸੇ ਪ੍ਰਵਾਸੀ ਨੇ ਬਣਾ ਕੇ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਹੋਵੇਗਾ। ਪਿੰਡ ਬਸਿਆਲਾ ਦੇ ਅਮਰੀਕਾ ਰਹਿੰਦੇ ਪ੍ਰਵਾਸੀ ਸ. ਬਹਾਦਰ ਸਿੰਘ ਸਪੁੱਤਰ ਸਵ. ਕਰਤਾਰ ਸਿੰਘ ਚੰਡੀਗੜ੍ਹ ਵਾਲਿਆਂ ਦੇ ਸਮੁੱਚੇ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਇਕ ਮਾਡਰਨ ਹਸਪਤਾਲ ਬਣਾ ਕੇ ਨਗਰ ਨਿਵਾਸੀਆਂ ਅਤੇ ਆਲੇ ਦੁਆਲੇ ਦੇ ਪਿੰਡ ਲਈ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕੀਤੀ ਹੈ। ਹਸਪਤਾਲ ਦਾ ਰਸਮੀ ਉਦਘਾਟਨ ਭਾਵੇਂ 15 ਅਗਸਤ ਨੂੰ ਸਰਕਾਰ ਵੱਲੋਂ ਸ਼ੁਰੂ ਕੀਤਾ ਜਾਣਾ ਹੈ, ਪਰ ਪਿੰਡ ਵਾਸੀਆਂ, ਨਗਰ ਨਿਵਾਸੀਆਂ, ਵਿਦੇਸ਼ੀ ਰਹਿੰਦੇ ਪਿੰਡ ਦੇ ਲੋਕਾਂ ਨੇ ਅੱਜ ਇਕ ਧਾਰਮਿਕ ਪ੍ਰੋਗਰਾਮ ਉਲੀਕ ਕੇ ਹਸਪਤਾਲ ਦੀ ਤਿਆਰ ਹੋਈ ਇਸ ਇਮਾਰਤ ਦੇ ਵਿਚ ਅਰਦਾਸ ਕਰਕੇ ਅਤੇ ਫਿਰ ਗੁਰਦੁਆਰਾ ਸ਼ਹੀਦਾਂ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਇਸਦੇ ਦੁਆਰਾ ਆਮ ਆਦਮੀ ਲਈ ਖੋਲ੍ਹ ਦਿੱਤੇ ਗਏ। ਭਾਈ ਹਰਦੀਪ ਸਿੰਘ ਦੁਪਾਲਪੁਰੀ ਹੋਰਾਂ ਨੇ ਰਸਭਿੰਨਾ ਕੀਰਤਨ ਕੀਤਾ। ਨਗਰ ਨਿਵਾਸੀਆਂ ਵੱਲੋਂ ਇਮਾਰਤ ਪਿੰਡ ਦੀ ਵਰਤੋਂ ਲਈ ਭੇਟ ਕਰਨ ਲਈ ਸ. ਬਹਾਦਰ ਸਿੰਘ ਹੋਰਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਥੇ ਮਹਿਮਾਨ ਅਤੇ ਹੋਰ ਨਗਰ ਨਿਵਾਸੀ ਖੜ੍ਹੇ ਸਨ ਪਰ ਸ. ਬਹਾਦਰ ਸਿੰਘ ਹੋਰਾਂ ਦੇ ਗਲ ਵਿਚ ਸੋਨੇ ਦਾ ਤਮਗਾ ਮਾਤਾ ਸੁਰਜੀਤ ਕੌਰ (ਮਾਤੀ) ਵੱਲੋਂ ਪਹਿਨਾਇਆ ਗਿਆ। ਸਵ. ਸ੍ਰੀ ਰਾਮ ਚੰਦ, ਸ. ਕਰਤਾਰ ਸਿੰਘ ਅਤੇ ਮਾਤਾ ਜੀਤ ਕੌਰ ਹੋਰਾਂ ਦੀ ਵੱਡ ਅਕਾਰੀ ਤਸਵੀਰ ਹਸਪਤਾਲ ਦੇ ਵੇਟਿੰਗ ਰੂਮ ਦੇ ਵਿਚ ਲਗਾਈ ਗਈ। 
 ਇਸ ਸਮਾਗਮ ਦੀ ਸ਼ੁਰੂਆਤ ਮਾਸਟਰ ਗੁਰਚਰਨ ਸਿੰਘ, ਸ. ਮੁਖਤਿਆਰ ਸਿੰਘ, ਸ. ਗੁਰਜੀਤ ਸਿੰਘ, ਸ. ਜਗਤਾਰ ਸਿੰਘ ਹੋਰਾਂ ਨੇ ਬਾਹਰੋਂ ਆਏ ਮਹਿਮਾਨਾਂ, ਪਹੁੰਚੇ ਪ੍ਰਵਾਸੀਆਂ, ਨਗਰ ਪੰਚਾਇਤ ਅਤੇ ਪਹੁੰਚੇ ਬੁਲਾਰਿਆਂ ਨੂੰ 'ਜੀ ਆਇਆਂ' ਆਖ ਕੇ ਕੀਤੀ। ਇਮਾਰਤ ਦੀ ਉਸਾਰੀ ਸਬੰਧੀ ਉਨ੍ਹਾਂ ਸੰਖੇਪ ਜਾਣਕਾਰੀ ਦਿੱਤੀ। ਇਮਾਰਤ ਉਸਾਰੀ ਕਰਾਉਣ ਵਾਲੇ ਪ੍ਰਵਾਸੀ ਸ. ਬਹਾਦਰ ਸਿੰਘ ਨੇ ਆਪਣੇ ਪਰਿਵਾਰ ਦਾ ਉਦੇਸ਼ ਦਸਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੇ ਪਿੰਡ ਕਦੀ ਕਦਾੲੀਂ ਆਉਣਾ ਹੁੰਦਾ ਹੈ, ਪਰ ਪਿੰਡ ਦੇ ਲੋਕਾਂ ਦੀ ਰਾਜੀ ਖੁਸ਼ੀ ਅਤੇ ਤੰਦਰੁਸਤੀ ਬਣੀ ਰਹੇ, ਉਨ੍ਹਾਂ ਦੀ ਦਿਲੀ ਇੱਛਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਭੈਣ-ਭਰਾਵਾਂ ਦੀ ਹੱਲਾਸ਼ੇਰੀ ਨਾਲ ਹੀ ਇਹ ਕਾਰਜ ਸਿਰੇ ਚੜਿ੍ਹਆ ਹੈ। ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਹੋਰਾਂ ਦਾ ਉਨ੍ਹਾਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਬਾਕੀ ਸਾਰੇ ਕਾਰਜ ਠੀਕ ਹੋਣਗੇ।
ਨਿਊਜ਼ੀਲੈਂਡ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ 'ਬਸਿਆਲਾ ਐਨ. ਆਰ. ਆਈ. ਵੈਲਫੇਅਰ ' ਸੁਸਾਇਟੀ ਦੇ ਐਡਮਿਨ ਸ. ਹਰਜਿੰਦਰ ਸਿੰਘ ਨੇ ਸਵ. ਸ. ਕਰਤਾਰ ਸਿੰਘ, ਬੀਬੀ ਜੀਤ ਕੌਰ ਅਤੇ ਸਵ. ਰਾਮ ਚੰਦ ਹੋਰਾਂ ਦੇ ਸਮੁੱਚੇ ਪਰਿਵਾਰ ਦੀ ਜੀਵਨ ਵਿਖਿਆਨ ਕਰਦਾ ਬਹੁਰੰਗਾ ਮੈਗਜ਼ੀਨ ਜਾਰੀ ਕੀਤਾ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਵਿਚ ਜਾਰੀ ਕੀਤੀ ਪੰਜਾਬੀ ਭਾਸ਼ਾ ਦੀ ਡਾਕ ਟਿਕਟ ਵੀ ਆਏ ਮਹਿਮਾਨਾਂ ਨੂੰ ਭੇਟ ਕੀਤੀ ਅਤੇ ਪੰਜਾਬੀ ਭਾਸ਼ਾ ਨਾਲ ਜੁੜਨ ਦਾ ਸੁਨੇਹਾ ਦਿੱਤਾ। ਗੁਰੂ ਨਾਨਕ ਢਾਹਾਂ ਹਸਪਤਾਲ ਤੋਂ ਮੁੱਖ ਪ੍ਰਬੰਧਕ ਸ. ਹਰਦੇਵ ਸਿੰਘ ਕਾਹਮਾ ਨੇ ਸਿਹਤ ਸਹੂਲਤਾਂ ਸਬੰਧੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਲਾਕੇ ਦੇ ਵਿਚ ਫ੍ਰੀ ਸਿਹਤ ਸਹੂਲਤ ਦੇਣੀ ਬਹੁਤ ਵੱਡਾ ਕਾਰਜ ਹੈ ਅਤੇ ਪੰਜਾਬ ਭਾਸ਼ਾ ਅਤੇ ਗੁਰਬਾਣੀ ਨਾਲ ਬੱਚਿਆਂ ਨੂੰ ਜੋੜੀ ਰੱਖਣ ਵਾਸਤੇ ਵੀ ਉਨ੍ਹਾਂ ਉਦਾਹਰਣ ਸਾਹਿਤ ਬੇਨਤੀ ਕੀਤੀ। ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ ਵਾਲੇ ਬਾਬਾ ਜਰਨੈਲ ਸਿੰਘ ਵੀ ਇਸ ਮੌਕੇ ਵਿਸ਼ੇਸ਼ ਤੌਰ ਉਤੇ ਪਹੁੰਚੇ ਅਤੇ ਸ. ਬਹਾਦਰ ਸਿੰਘ ਹੋਰਾਂ ਨੂੰ ਸਿਰੋਪਾਓ ਭੇਟ ਕੀਤੇ। ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਹੋਰਾਂ ਦੀ ਸੁਨੇਹਾ ਵੀ ਪਹੁੰਚਿਆ, ਉਹ ਚੰਡੀਗੜ੍ਹ ਹੋਣ ਕਰਕੇ ਪਹੁੰਚ ਨਹੀਂ ਸਕੇ, ਪਰ ਉਨ੍ਹਾਂ ਦੀ ਹਾਜ਼ਰੀ ਲਗਾਉਣ ਵਾਸਤੇ ਸ. ਬਲਦੀਪ ਸਿੰਘ ਸਰਪੰਚ ਪਿੰਡ ਇਬਰਾਹੀਮ ਪੁਰ ਵਿਸ਼ੇਸ਼ ਤੌਰ ਉਤੇ ਹਸਪਤਾਲ ਵੇਖਣ ਜਰੂਰ ਬਾਅਦ ਦੁਪਹਿਰ ਪਹੁੰਚੇ।
 ਮੁੱਖ ਬੁਲਾਰਿਆਂ ਦੇ ਵਿਚ ਅਤੇ ਹਾਜ਼ਰੀਆਂ ਭਰਨ ਦੇ ਵਿਚ ਪੰਜਾਬ ਭਾਸ਼ਾ ਵਿਭਾਗ ਦੇ ਦੋ ਸਾਬਕਾ ਸਹਾਇਕ ਡਾਇਰੈਕਟਰ ਸ. ਹਰਨੇਕ ਸਿੰਘ ਢੋਟ ਅਤੇ ਸ. ਸਤਿੰਦਰ ਸਿੰਘ ਨੰਦਾ, ਡਿਪਟੀ ਚੀਫ ਇੰਜੀਨੀਅਰ ਪੀ. ਐਸ. ਪੀ. ਸੀ. ਐਲ., ਜਲੰਧਰ ਪੰਜਾਬ ਸਟੇਟ ਸ੍ਰੀ ਦੇਜ ਰਾਜ ਬੰਗੜ, ਸ. ਜਸਵੰਤ ਸਿੰਘ ਭੱਠਲ, ਸ. ਪਰਮਜੀਤ ਸਿੰਘ ਬੱਬਰ, ਹਰਸ਼ਰਨ ਸਿੰਘ ਭਾਰਪੁੱਰ ਜੱਟਾਂ, ਸ. ਮੁਖਤਿਆਰ ਸਿੰਘ, ਸ. ਹਰਦੇਵ ਸਿੰਘ ਸਰਪੰਚ, ਸ. ਬਲਬੀਰ ਸਿੰਘ ਪ੍ਰਬੰਧਕ ਗੁਰਦੁਆਰਾ ਸ਼ਹੀਦਾਂ, ਸ. ਸਤਨਾਮ ਸਿੰਘ ਕੁਰਦਾਂ ਵਾਲੇ, ਸਤਨਾਮ ਸਿੰਘ ਵਜੀਦ ਵਾਲੇ, ਪਰਮਜੀਤ ਪੰਮਾ, ਡਾ. ਸੁਖਵੀਰ ਸਿੰਘ, ਜਸਵਿੰਦਰ ਕੌਰ ਲੰਡਨ, ਈਸ਼ਾ ਸੈਣੀ ਮੈਡਿਸਟੋ, ਅੰਗਰੇਜ਼ ਸਿੰਘ ਅਮਰੀਕਾ, ਦਵਿੰਦਰ ਸਿੰਘ ਰੌੜੀ ਆਸਟਰੇਲੀਆ, ਸ. ਬਲਵਿੰਦਰ ਸਿੰਘ ਏ. ਐਸ. ਆਈ. ਪੰਜਾਬ ਪੁਲਿਸ, ਰਣਦੀਪ ਸਿੰਘ, ਅਵਤਾਰ ਸਿੰਘ ਜਾਪਾਨੀ, ਅਵਤਾਰ ਸਿੰਘ ਗੁੱਗ, ਬਿੱਲੂ ਨਿਊਜ਼ੀਲੈਂਡ ਵਾਲਾ, ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਬੀਬੀ ਕਸ਼ਮੀਰ ਕੌਰ, ਪੰਚ ਬਲਕਾਰ ਸਿੰਘ, ਉਂਕਾਰ ਸਿੰਘ, ਚੰਡੀਗੜ ਤੋਂ ਪਹੁੰਚੇ ਸ. ਅਵਤਾਰ ਸਿੰਘ ਡੁਲਕੂ, ਹਰਪਾਲ ਸਿੰਘ, ਬੱਬੂ ਸਿੰਘ, ਬਿੱਲਾ ਪਿ੍ਰੰਟਰਜ਼, ਪਿੰਟਾ, ਭਿੰਦਰ, ਸੰਨੀ ਸਿੰਘ, ਸਤੀਸ਼ ਕੌਸ਼ਿਕ, ਤੇਜਿੰਦਰ ਸੈਣੀ ਫਗਵਾੜਾ, ਚੰਦਰਦੀਪ ਸਿੰਘ, ਸਿਵਲ ਇੰਜੀਨੀਅਰ ਸੁਖਵੀਰ ਬਾਰੀ, ਸਾਬਕਾ ਪੰਚ ਗੁਰਮੇਜ ਸਿੰਘ, ਨਰਿੰਦਰ ਸੈਣੀ, ਜਤਿੰਦਰਪਾਲ ਸਿੰਘ ਸਿੱਖ ਮਿਸ਼ਨਰੀ ਗੜ੍ਹਸ਼ੰਕਰ ਅਤੇ ਹੋਰ ਬਹੁਤ ਸਾਰੇ ਨਗਰ ਨਿਵਾਸੀ ਹਾਜ਼ਿਰ ਸਨ।
ਮਿਸ ਸਵਰਨਜੀਤ ਕੌਰ ਜੋ ਮੋਹਾਲੀ ਤੋਂ ਪੁੱਜੀ ਹੋਈ ਸੀ, ਨੇ ਵਿਸ਼ੇਸ਼ ਤੌਰ ਉਤੇ ਸਵ. ਕਰਤਾਰ ਸਿੰਘ ਹੋਰਾਂ ਦੀ ਬਣਾਈ ਹੋਈ ਫੋਟੋ ਹਸਪਤਾਲ ਦੇ ਵਿਚ ਲਗਾਉਣ ਲਈ ਭੇਟ ਕੀਤੀ।
ਰੇਡੀਓ ਸਪਾਈਸ ਨਿਊਜ਼ੀਲੈਂਡ ਦੀ ਜਲੰਧਰ ਸਥਿਤ ਟੀਮ ਤੋਂ ਸੁਖਰਾਜ ਸਿੰਘ, ਅਤੇ ਲਾਈਵ ਪੰਜਾਬੀ ਟੀ. ਵੀ. ਚੈਨਲ ਤੋਂ ਮੈਡਮ ਰੀਮਾ ਕਵਰੇਜ ਲਈ ਪਹੁੰਚੇ ਹੋਏ ਸਨ। ਐਮ. ਕੇ.ਲਾਈਵ ਟੀਮ ਵੱਲੋਂ ਪ੍ਰੋਗਰਾਮ ਲਾਈਵ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਹਸਪਤਾਲ ਦੇ ਵਿਚ ਫਰਨੀਚਰ ਪਹੁੰਚਾ ਦਿੱਤਾ ਗਿਆ ।