ਸਿਹਤ ਵਿਭਾਗ ਨੇ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫ਼ਸਰ ਅਤੇ ਹੋਰ ਸਟਾਫ਼ ਨੂੰ ਨਿਯੁੱਕਤੀ ਪੱਤਰ ਸੌਂਪੇ

ਨਵਾਂਸ਼ਹਿਰ, 14 ਅਗਸਤ : ਸਿਹਤ ਵਿਭਾਗ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਰਾਹੋਂ ਵਿਖੇ ਸਥਾਪਿਤ ਆਮ ਆਦਮੀ ਕਲੀਨਕ ਦੇ ਸਟਾਫ਼ ਅਤੇ ਮੈਡੀਕਲ ਅਫ਼ਸਰ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਅਨੁਸਾਰ ਨਵੇਂ ਖੋਲ੍ਹੇ ਗਏ ਕਲੀਨਿਕ ਵਾਸਤੇ ਇੱਕ ਮੈਡੀਕਲ ਅਫ਼ਸਰ ਤੋਂ ਇਲਾਵਾ ਫ਼ਾਰਮਾਸਿਸਟ, ਕਲੀਨੀਕਲ ਸਹਾਇਕ ਤੇ ਸੇਵਾਦਾਰ ਸਮੇਤ ਚਾਰ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਟਾਫ਼ ਤਾਇਨਾਤ ਕੀਤਾ ਗਿਆ ਹੈ।
  ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਇਲਾਜ ਲਈ ਆਉੁਣ ਵਾਲੇ ਲੋਕਾਂ ਨੂੰ ਲਗਭਗ 100 ਤਰ੍ਹਾਂ ਦੇ ਕਲੀਨੀਕਲ ਟੈਸਟਾਂ ਵਾਲੇ 41 ਪੈਕੇਜ ਮੁਫ਼ਤ ਦਿੱਤੇ ਜਾਣਗੇ। ਇਨ੍ਹਾਂ ਕਲੀਨਿਕਾਂ ਵਿੱਚ 90 ਫ਼ੀਸਦੀ ਮਰੀਜ਼ਾਂ ਦਾ ਇਲਾਜ ਹੋਵੇਗਾ, ਜਿਸ ਨਾਲ ਹਸਪਤਾਲਾਂ 'ਤੇ ਬੋਝ ਘਟੇਗਾ। ਇਨ੍ਹਾਂ ਕਲੀਨਿਕਾਂ ਰਾਹੀਂ ਵਿਸ਼ੇਸ਼ ਦੇਖਭਾਲ ਲਈ ਰੈਫਰਲ ਅਤੇ ਬਾਅਦ ਵਿੱਚ ਫਾਲੋ-ਅੱਪ ਵੀ ਕੀਤਾ ਜਾਵੇਗਾ।
  ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਗਰਮੀਆਂ 'ਚ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਅਤੇ ਸਰਦੀਆਂ 'ਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਮਾਰੀਆਂ ਦੀ ਜਾਂਚ ਅਤੇ ਕਲੀਨੀਕਲ ਟੈਸਟਾਂ ਸਮੇਤ ਵੱਖ-ਵੱਖ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰਕੇ ਮੁਢਲੇ ਸਿਹਤ ਸੰਭਾਲ ਸਿਸਟਮ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਮਿਆਰੀ ਇਲਾਜ ਮਿਲੇਗਾ ਅਤੇ ਇਹ ਕਲੀਨਿਕ ਰੈਫ਼ਰਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਵਿੱਚ ਹੋਰ ਮੱਦਦ ਕਰਨਗੇ।