ਅੰਮ੍ਰਿਤਸਰ, 19 ਅਗਸਤ : ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਦਫਤਰ ਏ.ਡੀ.ਏ, ਪੁੱਡਾ ਭਵਨ, ਅੰਮ੍ਰਿਤਸਰ ਵਿਖੇ ਤਾਇਨਾਤ ਇਕ ਸੇਵਾਦਾਰ ਨੂੰ 12,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕੇਸ ਵਿੱਚ ਫਰਾਰ ਸਹਿ ਮੁਲਜ਼ਮ ਵਿਜੈਪਾਲ ਸਿੰਘ, ਐਸ.ਡੀ.ਓ. ਪੁੱਡਾ ਦੀ ਭਾਲ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐਸ.ਡੀ.ਓ. ਪੁੱਡਾ ਦੇ ਸੇਵਾਦਾਰ ਅੰਮ੍ਰਿਤਦੀਪ ਸਿੰਘ ਨੂੰ ਸੋਰਭ ਭਾਟੀਆ ਵਾਸੀ ਸੁਸ਼ਾਂਤ ਲੋਕ, ਗੁਰੂਗ੍ਰਾਮ, ਹਰਿਆਣਾ ਦੀ ਸ਼ਿਕਾਇਤ ਦੇ ਅਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਸ਼ਿਕਾਇਤ ਦਿੱਤੀ ਜਿਸ ਵਿੱਚ ਦੋਸ਼ ਲਾਇਆ ਸੀ ਕਿ ਨਿਊ ਪਾਲ ਐਵੀਨਿਊ, ਅੰਮ੍ਰਿਤਸਰ ਸਥਿੱਤ ਉਸਦੇ ਇੱਕ ਪਲਾਟ ਨੂੰ ਵੇਚਣ ਸਬੰਧੀ ਕੋਈ ਇਤਰਾਜ਼ ਨਹੀਂ (ਐਨ.ਓ.ਸੀ.) ਜਾਰੀ ਕਰਨ ਬਦਲੇ ਉਕਤ ਐਸ.ਡੀ.ਓ. ਉਸ ਕੋਲੋਂ 12,000 ਰੁਪਏ ਰਿਸ਼ਵਤ ਮੰਗ ਰਿਹਾ ਹੈ।
ਸ਼ਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਏ.ਡੀ.ਏ, ਪੁੱਡਾ ਭਵਨ, ਅੰਮ੍ਰਿਤਸਰ ਦਫਤਰ ਦੇ ਬਾਹਰ ਸੇਵਾਦਾਰ ਅੰਮ੍ਰਿਤਦੀਪ ਸਿੰਘ ਨੂੰ ਉਕਤ ਮੁੱਦਈ ਪਾਸੋਂ ਉਸਦਾ ਕੰਮ ਕਰਾਉਣ ਬਦਲੇ 12,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਉਕਤ ਐਸ.ਡੀ.ਓ. ਮੌਕੇ 'ਤੇ ਹਾਜ਼ਰ ਨਾ ਹੋਣ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਿਸ ਦੀ ਗ੍ਰਿਫਤਾਰੀ ਵਾਸਤੇ ਕਾਰਵਾਈ ਕੀਤੀ ਜਾ ਰਹੀ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਕੇਸ ਸਬੰਧੀ ਉਕਤ ਦੋਹਾਂ ਮੁਲਜ਼ਮਾਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤਹਿਤ ਮੁਕੱਦਮਾ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।