ਪੈਨਸ਼ਨਰਾਂ ਦੇ ਮਸਲੇ ਲਟਕਾਉਣ ਦੇ ਰਾਹ ਪਈ ਸਰਕਾਰ
ਜਲੰਧਰ ਕਨਵੈਨਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ
ਨਵਾਂਸ਼ਹਿਰ 7 ਅਗਸਤ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਮਾਸਟਰ ਰੌਣਕੀ ਰਾਮ ਜੀ ਅਤੇ ਸ਼੍ਰੀ ਓਮ ਪ੍ਰਕਾਸ਼ ਜੀ ਬੰਗਾ ਦੇ ਬੇਵਕਤ ਵਿਛੋੜੇ ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇੰਟ ਕੀਤੀ ਗਈ। ਇਸ ਉਪਰੰਤ ਕਰਨੈਲ ਸਿੰਘ ਰਾਹੋਂ ਰਿਟਾਇਰਡ ਬੀਪੀਈਓ, ਜੀਤ ਲਾਲ ਗੋਹਲੜੋਂ, ਅਸ਼ੋਕ ਕੁਮਾਰ, ਸੁੱਚਾ ਰਾਮ ਸਾਬਕਾ ਬੀਪੀਈਓ, ਹਰਭਜਨ ਸਿੰਘ ਭਾਵੜਾ, ਭਲਵਿੰਦਰ ਪਾਲ ਛੋਕਰਾਂ, ਰਾਮ ਪਾਲ, ਰੇਸ਼ਮ ਲਾਲ, ਇਕਬਾਲ ਸਿੰਘ, ਦੀਦਾਰ ਸਿੰਘ, ਸਰਵਣ ਰਾਮ, ਸੋਖੀ ਰਾਮ ਅਤੇ ਨਿਰਮਲ ਦਾਸ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੀ ਬਦਨੀਤੀ ਦੀ ਚਰਚਾ ਕੀਤੀ। ਬੁਲਾਰਿਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ ਅਗਲੇ ਐਕਸ਼ਨ ਉਲੀਕਣ ਲਈ ਕੱਲ੍ਹ ਜਲੰਧਰ ਵਿਖੇ ਕੀਤੀ ਜਾਣ ਵਾਲੀ ਕਨਵੈਨਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਪੈਨਸ਼ਨਾਂ ਸਬੰਧੀ ਵੱਖ ਵੱਖ ਬੈਕਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ ਜਿਸ ਦੇ ਹੱਲ ਲਈ ਬੈਂਕ ਅਧਿਕਾਰੀਆਂ ਨੂੰ ਵਫਦ ਦੇ ਰੂਪ ਵਿੱਚ ਮਿਲਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਪੰਜਾਬ ਦੇ ਜਨਤਕ ਖੇਤਰ ਦੇ ਸਮੁੱਚੇ ਅਦਾਰਿਆਂ ਵਿੱਚ ਕੱਚੇ, ਠੇਕੇ ਤੇ, ਆਊਟ ਸੋਰਸ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮ ਜੋ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਪਿਛਲੀ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤਾ ਧੋਖਾ ਰੱਦ ਕਰਕੇ ਜਨਵਰੀ 2016 ਨੂੰ 125% ਬਣਦੇ ਮਹਿੰਗਾਈ ਭੱਤੇ ਨਾਲ 2.72 ਦੇ ਗੁਣਾਂਕ ਨਾਲ ਪੈਨਸ਼ਨ ਦੁਹਰਾਈ ਕਰਨ, ਕੇਂਦਰੀ ਪੈਟਰਨ ਤੇ ਡੀ ਏ ਦੇ ਬਕਾਏ ਦੇਣ, 20 ਸਾਲ ਦੀ ਸੇਵਾ ਵਾਲੇ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਦੇਣ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ ਦੀ ਮੰਗ ਕੀਤੀ।
ਜ਼ਿਲ੍ਹੇ ਵਿੱਚ ਕੋਰੋਨਾ ਦੇ ਬਹਾਨੇ ਬਣਾਏ ਗਏ ਪੁਲਿਸ ਕੇਸਾਂ ਨੂੰ ਰੱਦ ਕਰਨ ਸਬੰਧੀ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 10 ਅਗਸਤ ਨੂੰ ਡੀ ਸੀ ਦਫਤਰ ਦੇ ਘਿਰਾਓ ਵਿੱਚ ਭਰਵੀਂ ਸਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿਚ ਸੁਰਜੀਤ ਰਾਮ, ਕ੍ਰਿਸ਼ਨ ਲਾਲ, ਹਰਦਿਆਲ ਸਿੰਘ, ਜੋਗਾ ਸਿੰਘ, ਸਰੂਪ ਲਾਲ, ਬਖਤਾਵਰ ਸਿੰਘ, ਸੁਰਜੀਤ ਰਾਮ, ਅਵਤਾਰ ਸਿੰਘ, ਰਾਮ ਸਿੰਘ, ਧਰਮ ਪਾਲ, ਜੋਗਿੰਦਰ ਪਾਲ, ਤੇਜਾ ਸਿੰਘ, ਅਵਤਾਰ ਸਿੰਘ ਛੋਕਰਾਂ, ਜਰਨੈਲ ਸਿੰਘ, ਜਸਬੀਰ ਸਿੰਘ, ਭੁਪਿੰਦਰ ਸਿੰਘ, ਠਾਕਰ ਸਿੰਘ, ਹਰਮੇਸ਼ ਲਾਲ, ਪ੍ਰੇਮ ਚੰਦ ਰਤਨ, ਰਾਮ ਸਿੰਘ, ਕ੍ਰਿਸ਼ਨ ਲਾਲ, ਮਹਿੰਗਾ ਰਾਮ, ਲਲਿਤ ਕੁਮਾਰ ਸ਼ਰਮਾ, ਈਸ਼ਵਰ ਚੰਦਰ, ਗੁਰਦਿਆਲ ਸਿੰਘ, ਕੇਵਲ ਰਾਮ, ਹਰਭਜਨ ਸਿੰਘ, ਗੁਰਮੇਲ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।