ਸਰਕਾਰੀ ਸਕੂਲ ਹੇੜੀਆਂ ਦੀ ਵਿਦਿਆਰਥਣ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ

ਰਾਜ ਪੱਧਰ 'ਤੇ ਲਗਾਤਾਰ ਦੂਜੀ ਵਾਰ ਅੰਗਰੇਜ਼ੀ ਬੋਲਣ 'ਚ ਲਿਆ ਪਹਿਲਾ ਇਨਾਮ
ਨਵਾਂਸ਼ਹਿਰ, 07 ਅਗਸਤ : - ਇੰਦਰਾਪੁਰੀ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਦੀ 10ਵੀਂ ਜਮਾਤ ਦੀ ਵਿਦਿਆਰਥਣ ਪ੍ਰਿਅੰਕਾ ਨੇ ਲਗਾਤਾਰ ਦੂਜੀ ਵਾਰ ਰਾਜ ਪੱਧਰ 'ਤੇ ਅੰਗਰੇਜ਼ੀ ਉਚਾਰਣ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ |
   ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਲਿਖਣ ਅਤੇ ਬੋਲਣ ਦੇ ਹੁਨਰ ਨੂੰ ਨਿਖਾਰਨ ਲਈ ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਕੂਲ ਪੱਧਰ 'ਤੇ "ਇੰਗਲਿਸ਼ ਬੂਸਟਰ ਕਲੱਬਾਂ" ਦਾ ਗਠਨ ਕੀਤਾ ਹੋਇਆ ਹੈ, ਜਿਸ ਤਹਿਤ ਵਿਦਿਆਰਥੀਆਂ ਵਿੱਚ ਭਾਸ਼ਾ ਦੇ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਸਕੂਲ ਤੋਂ ਲੈ ਕੇ ਰਾਜ ਪੱਧਰ ਤੱਕ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਜਾ ਰਹੇ ਹਨ।
    ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਪ੍ਰਿਅੰਕਾ ਵੱਲੋਂ ਅੰਗਰੇਜ਼ੀ ਅਧਿਆਪਿਕਾ ਸੀਮਾ ਕਲਸੀ ਦੀ ਅਗਵਾਈ ਹੇਠ ਅੰਗਰੇਜ਼ੀ ਵਿਸ਼ੇ 'ਤੇ ਤਿਆਰ ਕੀਤੀ ਵੀਡੀਓ ਨੂੰ ਰਾਜ ਪੱਧਰ 'ਤੇ ਸਰਵੋਤਮ ਐਲਾਨਿਆ ਗਿਆ।
     ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਸਵੇਰ ਦੀ ਸਭਾ ਦੌਰਾਨ ਗ੍ਰਾਮ ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਸਟਾਫ਼ ਵੱਲੋਂ ਪ੍ਰਿਅੰਕਾ ਨੂੰ ਸਨਮਾਨਿਤ ਵੀ ਕੀਤਾ ਗਿਆ।
    ਸਕੂਲ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ, ਸਰਪੰਚ ਬਰਿੰਦਰ ਹਰੀਸ਼, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਾਲ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਯੂ.ਕੇ., ਨਿਰਮਲ ਸਿੰਘ, ਜਰਨੈਲ ਸਿੰਘ ਅਤੇ ਹੋਰ ਪਤਵੰਤਿਆਂ ਅਤੇ ਪ੍ਰਵਾਸੀ ਭਾਰਤੀਆਂ ਨੇ ਪ੍ਰਿਅੰਕਾ, ਉਸਦੇ ਮਾਤਾ-ਪਿਤਾ ਅਤੇ ਗਾਈਡ ਅਧਿਆਪਕ ਨੂੰ ਵਧਾਈ ਦਿੱਤੀ। ਇਸ ਮੌਕੇ ਸਟਾਫ਼ ਮੈਂਬਰ ਜਸਵਿੰਦਰ ਕੌਰ, ਸੁਰਿੰਦਰ ਪਾਲ ਸਿੱਧੂ, ਚੰਚਲ ਸਿੰਘ, ਸੀਮਾ ਕਲਸੀ, ਮੱਖਣ ਬਖਲੌਰ ਜਤਿੰਦਰ ਕੁਮਾਰ, ਸੀਮਾ ਰਾਣੀ, ਨੀਲਮ ਮਨਦੀਪ ਕੌਰ, ਸੰਦੀਪ ਗਰਗ ਆਦਿ ਹਾਜ਼ਰ ਸਨ ।