ਖੂਹ ਨੂੰ ਵਿਰਾਸਤੀ ਇਮਾਰਤ ਵਜੋਂ ਕੀਤਾ ਜਾਵੇਗਾ ਵਿਕਸਤ
ਅਜਨਾਲਾ, 13 ਅਗਸਤ ( )-ਅਜ਼ਾਦੀ ਦਿਵਸ ਦੇ ਜਸ਼ਨ ਮਨਾਉਣ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਇਲਾਕੇ ਵਿਚ 1857 ਦੇ ਸ਼ਹੀਦਾਂ ਦੀ ਯਾਦ ਵਿਚ ਬਣੇ ਗੁਰੂਘਰ ਮੱਥਾ ਟੇਕ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ ਅਤੇ ਅੱਜ ਆਜ਼ਾਦੀ ਦਾ ਜੋ ਨਿੱਘ ਸਾਨੂੰ ਮਿਲਿਆ ਹੈ, ਉਹ ਇੰਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਹੈ। ਉਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਉਸ ਇਲਾਕੇ ਵਿਚੋਂ ਹਾਂ, ਜਿੱਥੇ ਜੰਗ ਏ ਆਜ਼ਾਦੀ ਦੇ ਪਹਿਲੇ ਅੰਦੋਲਨ ਵਿਚ 282 ਸ਼ਹੀਦਾਂ ਨੇ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਖੂਹ ਨੂੰ ਵਿਰਾਸਤੀ ਇਮਾਰਤ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਖੂਹ ਨੂੰ ਆਉਂਦੇ ਰਸਤੇ ਨੂੰ ਵੀ ਚੌੜਾ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਈਏ, ਤਾਂ ਕਿ ਉਹ ਦੇਸ਼ ਪ੍ਰੇਮ ਦੀ ਗੁੜਤੀ ਲੈ ਸਕਣ। ਸ. ਨਿੱਜਰ ਨੇ ਕਿਹਾ ਕਿ ਇਹ ਆਜ਼ਾਦੀ ਇੰਨੀ ਸਸਤੀ ਨਹੀਂ ਮਿਲੀ, ਜਿੰਨੀ ਸਾਡੀਆਂ ਪੀੜ੍ਹੀਆਂ ਸਮਝ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਇਸ ਮੌਕੇ ਕੈਬਨਿਟ ਮੰਤਰੀ ਸ. ਨਿੱਜਰ ਨੂੰ ਤਿਰੰਗਾ ਭੇਟ ਕਰਕੇ ਅੱਜ ਤੋਂ ਜਿਲ੍ਹੇ ਵਿਚ ਸ਼ੁਰੂ ਕੀਤੀ ਜਾ ਰਹੀ ਘਰ-ਘਰ ਤਿਰੰਗਾ ਮੁਹਿੰਮ ਦਾ ਅਗਾਜ਼ ਕੀਤਾ। ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਲਹਿਰਾਵੇ ਅਤੇ ਅਸੀਂ ਇਸ ਲਈ ਲਗਭਗ ਹਰ ਘਰ ਦੀ ਪਹੁੰਚ ਵਿਚ ਤਿਰੰਗੇ ਝੰਡੇ ਮੁਹੱਇਆ ਕਰਵਾ ਦਿੱਤੇ ਹਨ। ਕੋਈ ਵੀ ਨਾਗਰਿਕ ਜੋ ਕਿ ਆਪਣੇ ਘਰ ਜਾਂ ਦਫਤਰ ਉਤੇ ਤਿਰੰਗਾ ਲਹਿਰਾਉਣਾ ਚਾਹੇ ਉਹ ਆਪਣੇ ਨੇੜੇ ਪੈਂਦੇ ਸੁਵਿਧਾ ਕੇਂਦਰ, ਸੁਸਾਇਟੀ, ਵੇਰਕਾ ਬੂਥ ਜਾਂ ਕਿਸੇ ਹੋਰ ਸਰਕਾਰੀ ਦਫਤਰ ਤੋਂ ਇਹ ਤਿਰੰਗਾ ਖਰੀਦ ਸਕਦਾ ਹੈ। ਇਸ ਮੌਕੇ ਐਸ ਡੀ ਐਮ ਸ੍ਰੀ ਅਮਨਪ੍ਰੀਤ ਸਿੰਘ, ਈ ਓ ਸ੍ਰੀ ਰਣਦੀਪ ਸਿੰਘ, ਡਾ. ਗੁਰਲਾਲ ਸਿੰਘ, ਹਰਪ੍ਰਤਾਪ ਸਿੰਘ ਨਿੱਜਰ, ਸ. ਮਨਿੰਦਰਪਾਲ ਸਿੰਘ, ਸ. ਮਨਪ੍ਰੀਤ ਸਿੰਘ, ਸ. ਮਲਕੀਤ ਸਿੰੰਘ ਪ੍ਰਧਾਨ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।