ਬੰਗਾ, 26 ਅਗਸਤ, :- ਪਿੰਡ ਬਾਹੜ ਮਜਾਰਾ ਦੀ ਗ੍ਰਾਮ ਪੰਚਾਇਤ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਕਮਿਊਨਿਟੀ ਸੈਨੇਟਰੀ ਕੰਪਲੈਕਸ ਦੀ ਸਥਾਪਨਾ ਕੀਤੀ ਗਈ ਹੈ ਜੋ ਇਸ ਨੈਸ਼ਨਲ ਹਾਈਵੇਅ ਤੋਂ ਲੰਘਣ ਵਾਲੇ ਰਾਹਗੀਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਨਜ਼ਦੀਕੀ ਹਾਈਵੇਅ 'ਤੇ ਸੈਨੀਟੇਸ਼ਨ ਸਹੂਲਤਾਂ ਨਾ ਹੋਣ ਕਰਕੇ ਰਾਹਗੀਰਾਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਪਿੰਡ ਦੇ ਸਰਪੰਚ ਬਲਬੀਰ ਸਿੰਘ ਨੇ ਇਸ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ। ਜਿਸ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬਾਹੜ ਮਜਾਰਾ ਵਿੱਚ ਬਾਥਰੂਮ ਦਾ ਨਿਰਮਾਣ ਹੀ ਨਹੀਂ ਕਰਵਾਇਆ ਗਿਆ ਬਲਕਿ ਇਸ ਦੀਆਂ ਕੰਧਾਂ ਨੂੰ ਗ੍ਰੇਫਿਟੀ ਨਾਲ ਸਜਾ ਕੇ ਇਸ ਦੀ ਦਿੱਖ ਨੂੰ ਵੀ ਆਕਰਸ਼ਕ ਕੀਤਾ ਗਿਆ।
ਇਸ ਉਪਰੰਤ ਸਰਕਾਰ ਵੱਲੋਂ ਇਸ ਸਹੂਲਤ ਦੀ ਉਸਾਰੀ ਲਈ ਲਗਭਗ 3 ਲੱਖ ਰੁਪਏ ਦੀ ਗ੍ਰਾਂਟ ਅਲਾਟ ਕੀਤੀ ਗਈ। ਇਸ ਦੇ ਨਾਲ ਹੀ ਇਸ ਸੈਨੀਟੇਸ਼ਨ ਸਹੂਲਤ 'ਤੇ ਸੁਨੇਹੇ ਲਿਖਣ ਅਤੇ ਸੁੰਦਰੀਕਰਨ ਲਈ ਲਗਭਗ 5,000 ਰੁਪਏ ਪੰਚਾਇਤ ਫੰਡਾਂ ਵਿੱਚੋਂ ਖਰਚ ਕੀਤੇ ਗਏ ਹਨ। ਉਪਰੰਤ ਇਸ ਨੂੰ ਵਰਤੋਂ ਲਈ ਖੋਲ੍ਹ ਦਿੱਤਾ ਗਿਆ ਹੈ।
ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਗ੍ਰਾਮ ਪੰਚਾਇਤ ਬਾਹੜ ਮਜਾਰਾ ਨਾਲ ਮਿਲ ਕੇ ਇਸ ਦੇ ਖੁੱਲ੍ਹੇ ਵਿੱਚ ਸ਼ੌਚ ਮੁਕਤ (ਓਡੀਐਫ) ਦਰਜੇ ਨੂੰ ਕਾਇਮ ਰੱਖਣ ਦੇ ਨਾਲ-ਨਾਲ ਪਿੰਡ ਦੀ ਦਿੱਖ ਨੂੰ ਸਾਫ਼-ਸੁਥਰਾ ਰੱਖਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਕਮਿਊਨਿਟੀ ਸੈਨੀਟੇਸ਼ਨ ਕੰਪਲੈਕਸ ਦੀ ਸਹੂਲਤ ਨਾਲ ਪਿੰਡ ਦੇ ਉਨ੍ਹਾਂ ਲੋਕਾਂ ਨੂੰ ਵੀ ਲਾਭ ਮਿਲੇਗਾ, ਜਿਹਨਾਂ ਕੋਲ ਬੁਨਿਆਦੀ ਸੈਨੀਟੇਸ਼ਨ ਸਹੂਲਤਾਂ ਨਹੀਂ ਹਨ।
ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਪੁਨੀਤ ਭਸੀਨ ਨੇ ਦੱਸਿਆ ਕਿ ਸ਼ਰਤਾਂ ਦੇ ਅਨੁਸਾਰ ਇੱਕ ਕਮਿਊਨਿਟੀ ਸੈਨੇਟਰੀ ਕੰਪਲੈਕਸ (ਸੀ ਐਸ ਸੀ) ਵਿੱਚ ਪੁਰਸ਼ਾਂ ਅਤੇ ਔਰਤਾਂ ਲਈ ਵੱਖਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਜਿਸ ਵਿੱਚ ਢੁਕਵੀਂ ਗਿਣਤੀ ਵਿੱਚ ਟਾਇਲਟ ਸੀਟਾਂ, ਨਹਾਉਣ ਲਈ ਕਮਰੇ, ਹੱਥ ਧੋਣ ਲਈ ਵਾਸ਼ ਬੇਸਿਨ ਆਦਿ ਸ਼ਾਮਲ ਹੋਣੇ ਚਾਹੀਦੇ ਹਨ ਅਤੇ ਇਸਨੂੰ ਇਸ ਢੰਗ ਨਾਲ ਡਿਜ਼ਾਇਨ ਕੀਤਾ ਜਾਣਾ ਚਾਹੀਦਾ ਹੈ ਜੋ ਦਿਵਿਆਂਗ ਵਿਅਕਤੀ ਵੀ ਆਸਾਨੀ ਨਾਲ ਇਸ ਸਹੂਲਤ ਦੀ ਵਰਤੋਂ ਕਰ ਸਕਣ। ਇਸ ਸੀ ਐਸ ਸੀ ਦੀ ਉਸਾਰੀ ਸਮੇਂ ਸਾਰੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ ਅਤੇ ਇਸ ਦੀ ਸੁੰਦਰ ਦਿੱਖ ਅਤੇ ਵਧੇਰੇ ਟਿਕਾਊ ਬਣਾਉਣ ਲਈ ਇਸ ਵਿੱਚ ਵਾਧੂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਮਰਲੇ ਖੇਤਰ 'ਚ ਬਣੀ ਇਸ ਸੀ.ਐਸ.ਸੀ. ਵਿੱਚ 4 ਬਾਥਰੂਮ ਬਣੇ ਹੋਏ ਹਨ ਜਿਨ੍ਹਾਂ ਵਿਚੋਂ ਇੱਕ-ਇੱਕ ਦਿਵਿਆਂਗ ਵਿਅਕਤੀਆਂ ਅਤੇ ਔਰਤਾਂ ਲਈ ਅਤੇ 2 ਬਾਥਰੂਮ ਪੁਰਸ਼ਾਂ ਲਈ ਹਨ। ਇਨ੍ਹਾਂ ਬਾਥਰੂਮਾਂ ਵਿੱਚ ਪੱਛਮੀ ਟਾਇਲਟ ਅਤੇ ਭਾਰਤੀ ਟਾਇਲਟ ਸੀਟਾਂ ਲੱਗੀਆ ਹੋਈਆਂ ਹਨ। ਹਰੇਕ ਵਾਸ਼ਰੂਮ ਵਿੱਚ ਟਾਇਲਟ (ਭਾਰਤੀ ਅਤੇ ਪੱਛਮੀ), ਟੂਟੀਆਂ, ਵਾਸ਼-ਬੇਸਿਨ ਅਤੇ ਵੈਟੀਂਲੇਸ਼ਨ ਦੀ ਢੁੱਕਵੀਂ ਸਹੂਲਤ, ਸਾਬਣ ਸਟੈਂਡ, ਤੌਲੀਏ ਦੇ ਨਾਲ ਟਾਵਲ ਹੈਂਗਰ ਅਤੇ ਡਸਟਬਿਨ ਦੀਆਂ ਸਹੂਲਤਾਂ ਸ਼ਾਮਲ ਹਨ। ਬਾਥਰੂਮਾਂ ਤੋਂ ਇਲਾਵਾ ਪੁਰਸ਼ਾਂ ਲਈ 2 ਪਿਸ਼ਾਬ ਘਰ ਪਿਛਲੇ ਪਾਸੇ ਵੱਖਰੇ ਤੌਰ 'ਤੇ ਬਣਾਏ ਗਏ ਹਨ ਅਤੇ ਸਾਹਮਣੇ ਹੱਥ ਧੋਣ ਲਈ ਇੱਕ ਵਾਸ਼-ਬੇਸਿਨ ਹੈ।
ਇਸ ਤੋਂ ਇਲਾਵਾ, 12 ਐਲ.ਈ.ਡੀ. ਬਲਬਾਂ ਦੇ ਨਾਲ ਬਿਜਲੀ ਦੀ ਸਹੂਲਤ ਦਿੱਤੀ ਗਈ ਹੈ ਜਿਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ ਅਤੇ ਕੁਦਰਤੀ ਰੌਸ਼ਨੀ ਦੀ ਅਣਹੋਂਦ ਵਿੱਚ ਸ਼ਾਮ ਅਤੇ ਰਾਤ ਦੇ ਸਮੇਂ ਲੋਕਾਂ ਨੂੰ ਇਸਦੀ ਵਰਤੋਂ ਕਰਨ ਵਿੱਚ ਆਸਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਸਰਪੰਚ ਦੀ ਅਗਵਾਈ ਹੇਠ 4 ਮੈਂਬਰਾਂ ਦੀ ਗ੍ਰਾਮ ਪੰਚਾਇਤ ਕਮੇਟੀ ਬਣਾਈ ਗਈ ਹੈ। ਇਸਦੇ ਨਾਲ ਹੀ ਜਿਨ੍ਹਾਂ ਨਵੇਂ ਬਣੇ ਘਰਾਂ ਵਿੱਚ ਅਜੇ ਪਖਾਨੇ ਦੀ ਸਹੂਲਤ ਨਹੀਂ ਹੈ , ਉਹ ਵੀ ਇਸਦੀ ਵਰਤੋਂ ਕਰ ਸਕਦੇ ਹਨ ਜਿਸ ਨਾਲ ਜ਼ਿਲ੍ਹੇ ਨੂੰ ਓਡੀਐਫ ਦਾ ਦਰਜਾ ਕਾਇਮ ਰੱਖਣ ਵਿੱਚ ਮਦਦ ਮਿਲੇਗੀ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬੰਗਾ ਦੇ ਪਿੰਡ ਬਾਹੜ ਮਜਾਰਾ ਵਿੱਚ 400 ਘਰ ਹਨ ਜਿਸਦੀ ਆਬਾਦੀ 1500 ਦੇ ਕਰੀਬ ਹੈ। ਇਸ ਨੂੰ ਮਾਰਚ, 2018 ਵਿੱਚ ਖੁੱਲ੍ਹੇ ਵਿੱਚ ਸ਼ੌਚ ਮੁਕਤ ਘੋਸਤਿ ਕੀਤਾ ਗਿਆ ਸੀ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼-1 ਅਧੀਨ 26 ਪਖਾਨੇ ਬਣਾਏ ਗਏ ਸਨ। ਪਿੰਡ ਵਾਸੀਆਂ ਨੂੰ ਪਿੰਡ ਨੂੰ ਮਿਲੇ ਓ ਡੀ ਐਫ ਦਾ ਦਰਜਾ ਕਾਇਮ ਰੱਖਣ ਲਈ ਉਤਸ਼ਾਹਿਤ ਕਰਨ ਵਾਸਤੇ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਮੁਹਿੰਮਾਂ ਅਤੇ ਆਈ ਈ ਸੀ (ਜਾਗਰੂਕਤਾ) ਗਤੀਵਿਧੀਆਂ ਕਰਵਾਈਆਂ ਗਈਆਂ ਹਨ।
ਫ਼ੋਟੋ ਕੈਪਸ਼ਨ:
ਬਾਹੜ ਮਜਾਰਾ ਵਿਖੇ ਨੈਸ਼ਨਲ ਹਾਈਵੇਅ ਤੋਂ ਲੰਘਦੇ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਕਮਿਊਨਿਟੀ ਸੈਨੇਟਰੀ ਕੰਪਲੈਕਸ।