ਪੰਜਾਬ ਦੇ ਲੋਕਾਂ ਦੀ ਆਸ ਮੁਤਾਬਕ ਭਗਵੰਤ ਮਾਨ ਸਰਕਾਰ ਪੰਜਾਬ ਦੀ ਤਸਵੀਰ ਤੇ ਤਕਦੀਰ ਨੂੰ ਬਦਲਣ ਲਈ ਵਚਨਬੱਧ-ਅਨਮੋਲ ਗਗਨ ਮਾਨ

ਅਫ਼ਸਰਸ਼ਾਹੀ ਲੋਕ ਹਿੱਤ ਫ਼ੈਸਲੇ ਲੈਣ ਲਈ ਸੁਤੰਤਰ ਪਰ ਲੋਕ ਹਿੱਤਾਂ ਦੇ ਉਲਟ ਫ਼ੈਸਲੇ ਬਰਦਾਸ਼ਤ ਨਹੀਂ ਹੋਣਗੇ
ਠੋਸ ਕੂੜੇ, ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਨਿਪਟਾਉਣ ਨੂੰ ਤਰਜੀਹ ਦਿੱਤੀ ਜਾਵੇ
ਜ਼ਿਲ੍ਹੇ ਦੇ ਵਿਕਾਸ ਨੂੰ ਮੁੱਖ ਰੱਖ ਕੇ ਯੋਜਨਾ ਉਲੀਕੀ ਜਾਵੇ ਅਤੇ ਟੀਚਾ ਮਿਥਿਆ ਜਾਵੇ
ਮੰਤਰੀ ਪ੍ਰਭਾਰੀ ਵਜੋਂ ਜ਼ਿਲ੍ਹੇ ਦਾ ਪਲੇਠਾ ਦੌਰਾ ਕਰਕੇ ਭਲਾਈ ਤੇ ਵਿਕਾਸ ਯੋਜਨਾਵਾਂ ਦਾ ਲਿਆ ਜਾਇਜ਼ਾ
ਨਵਾਂਸ਼ਹਿਰ, 10 ਅਗਸਤ : - ਪੰਜਾਬ ਦੇ ਯਾਤਰਾ ਤੇ ਸਭਿਆਚਾਰ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਅਤੇ ਸ਼ਿਕਾਇਤ ਨਿਵਾਰਣ ਵਿਭਾਗਾਂ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਦੀ ਆਸ ਮੁਤਾਬਕ ਪੰਜਾਬ ਦੀ ਫ਼ਿਜ਼ਾ ਨੂੰ ਬਦਲ ਕੇ ਨਵੀਂ ਤਸਵੀਰ ਪੇਸ਼ ਕਰਨ ਅਤੇ ਨਵੀਂ ਤਕਦੀਰ ਘੜਨ ਲਈ ਵਚਨਬੱਧ ਹੈ।
ਅੱਜ ਇੱਥੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਮੰਤਰੀ ਪ੍ਰਭਾਰੀ ਵਜੋਂ ਆਪਣੀ ਪਲੇਠੀ ਜਾਇਜ਼ਾ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਲੋਕ ਹਿੱਤ ਵਿੱਚ ਫ਼ੈਸਲੇ ਲਈ ਪੂਰੀ ਤਰ੍ਹਾਂ ਸੁਤੰਤਰ ਹੈ ਪਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਹੋਵੇ। ਜੇਕਰ ਕੋਈ ਫ਼ੈਸਲਾ ਲੋਕ ਹਿੱਤਾਂ ਦੇ ਉਲਟ ਹੋਵੇਗਾ ਤਾਂ ਸਰਕਾਰ ਉਸ ਨੂੰ ਸਹਿਣ ਨਹੀਂ ਕਰੇਗੀ। ਉਨ੍ਹਾਂ ਠੋਸ ਕੂੜੇ, ਪੀਣ ਵਾਲੇ ਪਾਣੀ ਅਤੇ ਸੀਵਰੇਜ ਨਾਲ ਜੁੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਆਸ ਤੇ ਉਮੀਦ ਨਾਲ ਸਰਕਾਰ ਚੁਣੀ ਹੈ, ਅਫ਼ਸਰਸ਼ਾਹੀ ਵੀ ਉਸੇ ਭਾਵਨਾ 'ਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝੇ ਅਤੇ ਹੱਲ ਕਰੇ।
ਉਨ੍ਹਾਂ ਜ਼ਿਲ੍ਹੇ ਵੱਲੋਂ ਪ੍ਰਾਜੈਕਟਰ ਪੇਸ਼ਕਾਰੀ ਰਾਹੀਂ ਦਿਖਾਈ ਭਲਾਈ ਤੇ ਵਿਕਾਸ ਸਕੀਮਾਂ ਦੀ ਪ੍ਰਗਤੀ ਨੂੰ ਗਹੁ ਨਾਲ ਦੇਖਣ ਉਪਰੰਤ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟਾਈ ਕਿ ਜ਼ਿਲ੍ਹਾ ਪਾਣੀ ਦੀ ਸੰਭਾਲ ਅਤੇ ਪਿੰਡਾਂ 'ਚ ਪਾਰਕਾਂ ਆਦਿ ਵਿਕਸਿਤ ਕਰਨ 'ਚ ਰਾਸ਼ਟਰੀ ਪੱਧਰ 'ਤੇ ਜਲ ਪੁਰਸਕਾਰ ਹਾਸਲ ਕਰ ਚੁੱਕਾ ਹੈ। ਉਨ੍ਹਾਂ ਪਰ ਨਾਲ ਹੀ ਕਿਹਾ ਕਿ ਇਸ ਪ੍ਰਾਪਤੀ ਨੂੰ ਅੱਗੇ ਵਧਾਉਂਦਿਆਂ ਪਿੰਡਾਂ ਦੇ ਛੱਪੜਾਂ, ਗਲੀਆਂ, ਨਾਲੀਆਂ ਅਤੇ ਕੂੜੇ ਤੇ ਨਿਕਾਸੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ ਹੋਰਨਾਂ ਪਿੰਡਾਂ 'ਚ ਵੀ ਪਾਰਕਾਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗਰਾਂਟਾਂ ਦੇ ਨਾਲ-ਨਾਲ ਮਨਰੇਗਾ ਫੰਡਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾ ਕੇ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਮਾਡਲ ਨੂੰ ਉਭਾਰਿਆ ਜਾਵੇ।
ਜ਼ਿਲ੍ਹੇ ਦੇ ਪ੍ਰਭਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਲਈ ਯੋਜਨਾ ਉਲੀਕ ਕੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਟੀਚਾ ਮਿੱਥ ਕੇ, ਉਸ ਨੂੰ ਪੂਰਾ ਕਰਨ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ 'ਤੇ ਅਗਾਊਂ ਯੋਜਨਾ ਬਣਾਉਣ ਲਈ ਆਖਿਆ।
ਉਨ੍ਹਾਂ ਅਧਿਕਾਰੀਆਂ ਨੂੰ ਚੁਣੇ ਨੁਮਾਇੰਦਿਆਂ ਨੂੰ ਪੂਰਾ ਮਾਣ ਸਨਮਾਨ ਦੇਣ ਲਈ ਵੀ ਕਿਹਾ ਪਰ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਅਤੇ ਪਾਰਟੀ ਦੀ ਸਰਕਾਰ ਕਦੇ ਵੀ ਗਲਤ ਜਾਂ ਭਿ੍ਰਸ਼ਟ ਅਫ਼ਸਰ ਦੀ ਪੁਸ਼ਤ ਪਨਾਹੀ ਨਹੀਂ ਕਰੇਗੀ। ਉਨ੍ਹਾਂ ਅਧਿਕਾਰੀਆਂ ਨੂੰ ਇਮਾਨਦਾਰੀ ਅਤੇ ਸ਼ਿੱਦਤ ਨਾਲ ਲੋਕ ਭਲਾਈ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਦਫ਼ਤਰਾਂ 'ਚ ਮੁਸ਼ਕਿਲਾਂ ਲੈ ਕੇ ਆਏ ਲੋਕਾਂ ਨੂੰ ਕੇਵਲ ਹੱਲ ਨਾਲ ਹੀ ਨਾ ਰਾਹਤ ਦੇਣ ਤੱਕ ਸੀਮਤ ਹੋਇਆ ਜਾਵੇ ਬਲਕਿ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਇਸ ਸਮੱਸਿਆ ਨਾਲ ਹੋਰਾਂ ਨੂੰ ਵੀ ਦੋ-ਚਾਰ ਨਾ ਹੋਣਾ ਪਵੇ।
ਉਨ੍ਹਾਂ ਭਗਵੰਤ ਮਾਨ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਸੇਵਾ ਦਾ ਮੌਕਾ ਦੇਣ 'ਤੇ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਹ ਜ਼ਿਲ੍ਹੇ ਦਾ ਆਪਣੇ ਵਿਧਾਨ ਸਭਾ ਹਲਕੇ ਵਾਂਗ ਧਿਆਨ ਰੱਖਣਗੇ ਅਤੇ ਸਰਕਾਰ ਪੱਧਰ 'ਤੇ ਪੈਦਾ ਹੋਈ ਕਿਸੇ ਵੀ ਮੁਸ਼ਕਿਲ ਜਾਂ ਖੜੋਤ ਨੂੰ ਦੂਰ ਕਰਨ ਲਈ ਹਮੇਸ਼ਾਂ ਤਤਪਰ ਰਹਿਣਗੇ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਉਨ੍ਹਾਂ ਦਾ ਕਿਰਤ ਵਿਭਾਗ ਮਜ਼ਦੂਰਾਂ ਦੀ ਬੇਹਤਰੀ ਲਈ ਚੱਲ ਰਹੀਆਂ ਸੁਵਿਧਾਵਾਂ ਉਨ੍ਹਾਂ ਤੱਕ ਪਹੁੰਚਾਉਣ ਲਈ ਪੰਜਾਬ ਵਿੱਚ 21 ਅਗਸਤ ਤੋਂ ਹਰੇਕ ਜ਼ਿਲ੍ਹੇ 'ਚ ਮੈਗਾ ਕੈਂਪਾਂ ਦੀ ਲੜੀ ਸ਼ੁਰੂ ਕਰ ਰਿਹਾ ਹੈ। ਇਨ੍ਹਾਂ ਮੈਗਾ ਕੈਂਪਾਂ ਰਾਹੀਂ ਮਜ਼ਦੂਰਾਂ ਨੂੰ ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕਾਮਿਆਂ ਦੀ ਭਲਾਈ ਬਾਰੇ ਬਣੇ ਬੋਰਡ ਨਾਲ ਜੁੜ ਕੇ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸੁਵਿਧਾਵਾਂ ਹਾਸਲ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਤੇ ਰਜਿਸਟ੍ਰੇਸ਼ਨ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੀ ਅਜਿਹਾ ਕੈਂਪ ਛੇਤੀ ਲੱਗੇਗਾ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਨੂੰ ਢਾਂਚਾਗਤ ਮਜ਼ਬੂਤੀ ਦੇਣ ਲਈ ਨਵੀਂ ਭਰਤੀ ਵੀ ਛੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੋਰਡ ਕੋਲ ਮਜ਼ਦੂਰਾਂ ਦੀ ਭਲਾਈ ਲਈ ਲੋੜੀਂਦੀ ਮਾਤਰਾ ਵਿੱਚ ਫ਼ੰਡ ਮੌਜੂਦ ਹਨ।
ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਦੀ ਸਿਹਤ ਸਬੰਧੀ ਮੁਸ਼ਕਿਲਾਂ ਲਈ 15 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ 75 ਆਮ ਆਦਮੀ ਕਲੀਨਿਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਲੀਨਿਕ ਪੰਜਾਬ ਦੇ ਸਿਹਤ ਢਾਂਚੇ 'ਚ ਸੁਧਾਰਾਂ ਪ੍ਰਤੀ ਵੱਡੀ ਤਬਦੀਲੀ ਲਿਆਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਲਗਭਗ 100 ਤਰ੍ਹਾਂ ਦੇ ਕਲੀਨੀਕਲ ਟੈਸਟਾਂ ਵਾਲੇ 41 ਪੈਕੇਜ ਮੁਫ਼ਤ ਦਿੱਤੇ ਜਾਣਗੇ। ਜਿਸ ਨਾਲ 90 ਫ਼ੀਸਦੀ ਮਰੀਜ਼ਾਂ ਦਾ ਘਰਾਂ ਨੇੜੇ ਹੀ ਇਲਾਜ ਹੋਵੇਗਾ ਅਤੇ ਹਸਪਤਾਲਾਂ 'ਤੇ ਬੋਝ ਘਟੇਗਾ।  
ਮੀਟਿੰਗ ਵਿੱਚ ਐਮ ਐਲ ਏ ਸੰਤੋੋਸ਼ ਕੁਮਾਰੀ ਕਟਾਰੀਆ, ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਏ ਡੀ ਸੀ ਰਾਜੀਵ ਵਰਮਾ, ਐਸ ਡੀ ਐਮਜ਼ ਡਾ. ਬਲਜਿੰਦਰ ਸਿੰਘ ਢਿੱਲੋਂ ਤੇ ਸੂਬਾ ਸਿੰਘ ਬਲਾਚੌਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ, ਜਨਰਲ ਸਕੱਤਰ ਗਗਨ ਅਗਨੀਹੋਤਰੀ, ਸਤਨਾਮ ਸਿੰਘ ਜਲਵਾਹਾ, ਮਹਿਲਾ ਵਿੰਗ ਦੀ ਪ੍ਰਧਾਨ ਰਾਜਦੀਪ ਸ਼ਰਮਾ ਤੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁਖੀ ਮੌਜੂਦ ਸਨ। 

 width=Virus-free.www.avast.com