ਮੈਡੀਕੋਲੀਗਲ ਕੇਸਾਂ 'ਚ ਡਾਕਟਰਾਂ ਦਾ ਮੁੱਢਲਾ ਫਰਜ ਮਰੀਜ਼ ਨੂੰ ਤੁਰੰਤ ਲੋੜੀਂਦਾ ਇਲਾਜ ਮੁਹੱਈਆ ਕਰਵਾਉਣਾ : ਸਿਵਲ ਸਰਜਨ ਡਾ. ਦਵਿੰਦਰ ਢਾਂਡਾ


- ਡਾ. ਨਿਰੰਜਨ ਪਾਲ ਨੇ ਮੈਡੀਕੋਲੀਗਲ ਕੇਸਾਂ ਤੇ ਡਾ. ਹਰਤੇਸ਼ ਪਾਹਵਾ ਨੇ ਬੱਚਿਆਂ ਵਿੱਚ ਡਾਇਰੀਆ ਦੀ ਰੋਕਥਾਮ ਸਬੰਧੀ ਦਿੱਤੀ ਟ੍ਰੇਨਿੰਗ 

ਨਵਾਂਸ਼ਹਿਰ, 06 ਅਗਸਤ 2022:- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਮੈਡੀਕਲ ਅਫਸਰਾਂ ਦੇ ਦੂਜੇ ਬੈਚ ਨੂੰ ਅੱਜ "ਮੈਡੀਕੋਲੀਗਲ ਕੇਸਾਂ ਨੂੰ ਹੈਂਡਲ ਕਰਨ ਤੇ ਡਾਇਰੀਆ ਦੀ ਰੋਕਥਾਮ ਲਈ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਵਿੱਚ ਡਾ. ਨਿਰੰਜਨ ਪਾਲ ਨੇ ਮੈਡੀਕੋਲੀਗਲ ਕੇਸਾਂ ਤੇ ਡਾ. ਹਰਤੇਸ਼ ਪਾਹਵਾ ਨੇ ਬੱਚਿਆਂ ਵਿੱਚ ਡਾਇਰੀਆ ਦੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਮੈਡੀਕਲ ਅਫਸਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਡੀਕੋਲੀਗਲ ਕੇਸਾਂ ਵਿੱਚ ਡਾਕਟਰਾਂ ਦਾ ਮੁੱਢਲਾ ਫਰਜ ਮਰੀਜ਼ ਦੀ ਜਾਨ ਬਚਾਉਣਾ ਹੈ ਤੇ ਮਰੀਜ਼ ਨੂੰ ਤੁਰੰਤ ਲੋੜੀਂਦਾ ਇਲਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ। 

ਡਾ. ਦਵਿੰਦਰ ਢਾਂਡਾ ਨੇ ਡਾਇਰੀਆ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋ ਬੱਚਿਆਂ ਵਿੱਚ ਡਾਇਰੀਆ ਰੋਗ ਕਾਰਨ ਹੋਣ ਵਾਲੀਆਂ ਮੌਤਾਂ 'ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਮੰਤਵ ਡਾਇਰੀਆ ਨਾਲ ਜ਼ੀਰੋ ਬਾਲ ਮੌਤ ਨੂੰ ਯਕੀਨੀ ਬਣਾਉਣਾ ਹੈ। ਭਾਰਤ ਵਿੱਚ ਡਾਇਰੀਆ ਕਾਰਨ ਹਰ ਸਾਲ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੂਕਤਾ ਫੈਲਾਉਣ ਨਾਲ ਡਾਇਰੀਆ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਦੀ ਦਰ ਵਿੱਚ ਕਮੀ ਆਈ ਹੈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਵੀ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਡਾਇਰੀਆ ਕਾਰਨ ਹੋਣ ਵਾਲੀਆਂ ਮੌਤਾਂ ਦੀ ਮੁਕੰਮਲ ਰੋਕਥਾਮ ਕਰਨਾ ਹੈ।

ਇਸ ਮੌਕੇ ਡਾ. ਨਿਰੰਜਨ ਪਾਲ ਨੇ ਮੈਡੀਕੋਲੀਗਲ ਕੇਸਾਂ ਨੂੰ ਹੈਂਡਲ ਕਰਨ ਸਬੰਧੀ ਦੱਸਿਆ ਕਿ ਜਿਨਾ ਛੇਤੀ ਹੋ ਸਕੇ, ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ ਪਰ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਐਮ.ਐਲ. ਆਰ. 'ਤੇ ਮਰੀਜ਼ ਦੀ ਲਿਖਤੀ ਸਹਿਮਤੀ ਲੈਣੀ ਜ਼ਰੂਰੀ ਹੈ।

ਇਸ ਦੌਰਾਨ ਡਾ. ਹਰਤੇਸ਼ ਪਾਹਵਾ ਨੇ ਡਾਇਰੀਆ ਦੇ ਇਲਾਜ ਪ੍ਰਬੰਧਨ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਡਾਇਰੀਆ ਦਾ ਖਤਰਾ ਵਧ ਜਾਂਦਾ ਹੈ, ਜਿਸ ਨਾਲ ਛੋਟੇ ਬੱਚਿਆਂ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖਾਣ-ਪੀਣ ਦੀਆਂ ਸ਼ਾਫ-ਸੁਥਰੀਆਂ ਅਤੇ ਤਾਜ਼ੀਆਂ ਚੀਜ਼ਾਂ ਹੀ ਖੁਆਉਣੀਆਂ ਚਾਹੀਦੀਆਂ ਹਨ ਅਤੇ ਪਾਣੀ ਨੂੰ ਉਬਾਲ ਕੇ ਠੰਡਾ ਕਰ ਕੇ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਤੇ ਦਸਤ ਵਿੱਚ ਵੀ ਦੁੱਧ ਦੇਣਾ ਬੰਦ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਦਸਤ ਹੋਣ 'ਤੇ ਅਕਸਰ ਬੱਚੇ ਨੂੰ ਕਾਰਬੋਨੇਟਿਡ ਡਰਿੰਕਸ (ਸਾਫਟਡ੍ਰਿੰਕਸ) ਦਿੱਤਾ ਜਾਂਦਾ ਹੈ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਦਸਤ ਵਿੱਚ ਖੂਨ ਆਉਣ, ਪੇਟ ਦੀ ਚਮੜੀ ਢਿੱਲੀ ਪੈ ਜਾਣ, ਬੱਚਾ ਸੁਸਤ ਤੇ ਨਿਢਾਲ ਹੋ ਜਾਣ 'ਤੇ ਤੁਰੰਤ ਹੀ ਉਸ ਨੂੰ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਲੈ ਕੇ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਵਿੱਚ ਦਸਤ ਹੋਣ 'ਤੇ ਜੇ ਸਮੇਂ ਸਿਰ ਇਸ ਦਾ ਇਲਾਜ ਨਾ ਹੋ ਪਾਏ ਤਾਂ ਸਰੀਰ ਵਿੱਚ ਪਾਣੀ ਦੀ ਘਾਟ ਨਾਲ ਬੱਚੇ ਦੀ ਜ਼ਿੰਦਗੀ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। 

ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।