ਇੱਕ ਵਾਰ ਵਰਤੋਂ ’ਚ ਆਉੁਂਦੇ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ-ਐਮ ਐਲ ਏ ਸੰਤੋਸ਼ ਕਟਾਰੀਆ

ਪੰਜਾਬ ਸਰਕਾਰ ਵੱਲੋਂ ਪਲਾਸਟਿਕ ਖ਼ਿਲਾਫ਼ ਚਲਾਈ ਮੁਹਿੰਮ ਸ਼ਲਾਘਾਯੋਗ-ਐਮ ਐਲ ਏ ਨੱਛਤਰ ਪਾਲ
ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਾਂਗੇ-ਲਲਿਤ ਮੋਹਨ ਪਾਠਕ

ਨਵਾਂਸ਼ਹਿਰ, 5 ਅਗਸਤ : - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਰਾਜ ਭਰ 'ਚ 'ਸਿੰਗਲ ਯੂਜ਼ ਪਲਾਸਟਿਕ' 'ਤੇ ਪਾਬੰਦੀ ਲਈ ਚਲਾਈ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੀ ਜਨਤਕ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਸਮਾਗਮ ਕੀਤਾ ਗਿਆ, ਜਿਸ ਵਿੱਚ ਹਾਜ਼ਰ ਰਾਜਨੀਤਕ ਤੇ ਹੋਰ ਨੁਮਾਇੰਦਿਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਐਮ ਐਲ ਏ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਇਸ ਮੌਕੇ ਇੱਕ ਵਾਰ ਵਰਤੋਨ 'ਚ ਆਉਣ ਵਾਲੇ ਪਲਾਸਟਿਕ ਖ਼ਿਲਾਫ਼ ਲੋਕ ਲਹਿਰ ਬਣਾਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਕਦੇ ਸਮਾਂ ਸੀ, ਅਸੀਂ ਪੋਲੀਥੀਨ ਦੇ ਥੈਲਿਆਂ ਦੀ ਬਜਾਏ ਘਰ ਤੋਂ ਕੱਪੜੇ ਦਾ ਬਣਿਆ ਥੈਲਾ ਲੈ ਕੇ ਬਜ਼ਾਰ 'ਚੋਂ ਸਮਾਨ ਖਰੀਦਣ ਜਾਂਦੇ ਸੀ। ਸਮਾਂ ਬਦਲਣ ਨਾਲ ਅਸੀਂ ਇਸ ਦੀ ਵਰਤੋਂ 'ਚ ਝਿਜਕ ਦਿਖਾਉਣ ਲੱਗੇ ਅਤੇ ਪੋਲੀਥੀਨ ਦੇ ਥੈਲਿਆਂ ਦੇ ਨਾਲ ਅੱਜ ਬਹੁਤ ਸਾਰੀਆਂ ਵਸਤਾਂ ਪਲਾਸਟਿਕ 'ਤੇ ਹੀ ਨਿਰਭਰ ਹੋ ਕੇ ਬਣਨ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਜੈਵਿਕ ਤੌਰ 'ਤੇ ਗਲਣਸ਼ੀਲ ਨਾ ਹੋਣ ਕਾਰਨ ਸਾਡੇ ਲਈ ਵੱਡੀ ਸਮੱਸਿਆ ਬਣਨ ਲੱਗਾ ਹੈ। ਜਿੱਥੇ ਸੀਵਰ ਲਾਈਨਾਂ ਅਤੇ ਨਾਲੀਆਂ ਪਲਾਸਟਿਕ ਦੇ ਲਿਫ਼ਾਫ਼ਿਆਂ ਅਤੇ ਬੋਤਲਾਂ ਕਾਰਨ ਚੋਕ ਹੋਣ ਲੱਗੀਆਂ ਹਨ, ਉੱਥੇ ਥਾਂ-ਥਾਂ ਖਿਲਰੇ ਪੋਲੀਥੀਨ ਦੇ ਲਿਫ਼ਾਫ਼ੇ ਪਸ਼ੂਆਂ ਦੇ ਅੰਦਰ ਜਾਣ ਨਾਲ ਸਾਡੇ ਪਸ਼ੂ ਵੀ ਬਿਮਾਰ ਹੋਣ ਲੱਗੇ ਹਨ। ਸਾਡਾ ਵਾਤਾਵਰਣ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦੇ ਸਭ ਤੋਂ ਵੱਡੇ ਗੁਨਾਹਗਾਰ ਹੋਵਾਂਗੇ।
ਐਮ ਐਲ ਏ ਡਾ. ਨਛੱਤਰ ਪਾਲ ਨੇ ਪੰਜਾਬ ਸਰਕਾਰ ਦੇ 'ਸਿੰਗਲ ਯੂਜ਼ ਪਲਾਸਟਿਕ' 'ਤੇ ਪਾਬੰਦੀ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪਲਾਸਟਿਕ ਅਤੇ ਪੋਲੀਥੀਨ ਦਾ ਨਿਪਟਾਰਾ ਸਮੁੱਚੇ ਵਿਸ਼ਵ ਲਈ ਵੱਡੀ ਸਮੱਸਿਆ ਬਣ ਚੁੱਕਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣਾ ਫ਼ਰਜ਼ ਪਛਾਣਦੇ ਹੋਏ ਸਰਕਾਰ ਵੱਲੋਂ ਆਰੰਭੀ ਪਹਿਲਕਦਮੀ ਦਾ ਸਾਥ ਦੇ ਕੇ ਪਲਾਸਟਿਕ ਅਤੇ ਪੋਲੀਥੀਨ ਤੋਂ ਖਹਿੜਾ ਛੁਡਾਈਏ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮੁਹਿੰਮ 'ਚ ਪੂਰੀ ਤਰ੍ਹਾਂ ਸਾਥ ਦੇਣ ਦਾ ਭਰੋਸਾ ਦਿੱਤਾ।
ਆਪ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਸਰਕਾਰ ਵੱਲੋਂ 'ਸਿੰਗਲ ਯੂਜ਼ ਪਲਾਸਟਿਕ' 'ਤੇ ਪਾਬੰਦੀ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਸਮਾਗਮ ਦੇ ਪ੍ਰਬੰਧਕ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੋਲੀਥੀਨ ਦੀਆਂ ਉਤਪਾਦਕ ਇਕਾਈਆਂ ਨੂੰ ਬੰਦ ਕਰਵਾਉਣ ਤਾਂ ਜੋ ਛੋਟੇ-ਮੋਟੇ ਦੁਕਾਨਦਾਰ ਜਾਂ ਰੇਹੜੀਆਂ ਵਾਲੇ ਪ੍ਰੇਸ਼ਾਨੀ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਪਲਾਈ ਨੂੰ ਹੀ ਖਤਮ ਕਰ ਦੇਵਾਂਗੇ ਤਾਂ ਬਜ਼ਾਰ 'ਚ ਇਸ ਦੀ ਵਰਤੋਂ ਦਾ ਬਦਲ ਦੂਸਰੇ ਲਿਫ਼ਾਫ਼ੇ ਜਾਂ ਥੈਲੇ ਬਣ ਜਾਣਗੇ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਗਈ ਇਸ ਮੁਹਿੰਮ 'ਚ ਜ਼ਿਲ੍ਹੇ ਦੇ ਦੁਕਾਨਦਾਰਾਂ ਜਾਂ ਹੋਰ 'ਸਿੰਗਲ ਯੂਜ਼ ਪਲਾਸਟਿਕ' ਦੀ ਵਿੱਕਰੀ ਕਰਨ ਵਾਲੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹਫ਼ਤੇ ਦੀ ਮੋਹਲਤ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਪ੍ਰਸ਼ਾਸਨ ਆਪਣੀਆਂ ਟੀਮਾਂ ਰਾਹੀਂ ਸਖਤ ਕਾਰਵਾਈ ਅਮਲ 'ਚ ਲਿਆਵੇਗਾ। ਉਨ੍ਹਾਂ ਪਾਬੰਦੀ ਦੇ ਘੇਰੇ 'ਚ ਆਈਆਂ ਵਸਤਾਂ ਦੀ ਸੂਚੀ ਦੱਸਦਿਆਂ ਕਿਹਾ ਕਿ ਪਲਾਸਟਿਕ ਦੀ ਡੰਡੀਆਂ ਵਾਲੀਆਂ ਈਅਰ ਬਡਜ਼,  ਪਲਾਸਟਿਕ ਦੇ ਝੰਡੇ, ਕੈਂਡੀ ਸਟਿੱਕਸ, ਆਈਸ ਕਰੀਮ ਸਟਿੱਕਸ, ਸਜਾਵਟ ਲਈ ਪੋਲੀਸਟਾਈਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਸਟ੍ਰਾਅ, ਟਰੇਅ, ਮਿਠਾਈਆਂ ਦੇ ਡੱਬਿਆਂ ਦੁਆਲੇ ਲਪੇਟਣ ਜਾਂ ਪੈਕਿੰਗ ਵਾਲੀਆਂ ਫਿਲਮਾਂ, ਸੱਦਾ ਪੱਤਰ ਅਤੇ ਸਿਗਰਟ ਦੇ ਪੈਕਿੰਗ, ਪਲਾਸਟਿਕ ਜਾਂ ਪੀ ਵੀ ਸੀ ਬੈਨਰ 100 ਮਾਈਕ੍ਰੋਨ ਤੋਂ ਘੱਟ ਪੂਰਣ ਤੌਰ 'ਤੇ ਪਾਬੰਦੀਸ਼ੁਦਾ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਹੋਰਨਾਂ ਖੇਤਰਾਂ 'ਚ ਮਾਡਲ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ, ਉਸੇ ਤਰ੍ਹਾਂ ਇਸ ਨੂੰ 'ਪਲਾਸਟਿਕ ਮੁਕਤ ਜ਼ਿਲ੍ਹੇ' ਵਿੱਚ ਵੀ ਸੂਬੇ ਦਾ ਪਹਿਲਾ ਜ਼ਿਲ੍ਹਾ ਬਣਾਉਣ 'ਚ ਪ੍ਰਸ਼ਾਸਨ ਦੀ ਮੱਦਦ ਕੀਤੀ ਜਾਵੇ।
ਇਸ ਮੌਕੇ ਵਾਤਾਵਰਣ ਤੇ ਜਲਵਾਯੂ ਤਬਦੀਲੀ ਡਾਇਰੈਕਟੋਰੇਟ ਵੱਲੋਂ ਇੱਕ ਪ੍ਰੇਰਨਾਦਾਇਕ ਦਸਤਾਵੇਜ਼ੀ ਫ਼ਿਲਮ 'ਇੱਕ ਨਵੀਂ ਆਸ' ਵੀ ਦਿਖਾਈ ਗਈ। ਸਰਕਾਰੀ ਸਕੂਲ ਨਵਾਂਸ਼ਹਿਰ ਦੀ ਵਿਦਿਆਰਥਣ ਪ੍ਰਾਚੀ ਅਤੇ ਜਲੰਧਰ ਤੋਂ ਆਈ ਬੱਚੀ ਆਇਨਾ ਥਾਪਰ, ਨਗਰ ਕੌਂਸਲ ਰਾਹੋਂ ਦੇ ਕਮਿਊਨਿਟੀ ਫੈਸੀਲੀਟੇਟਰ ਜਸਵਿੰਦਰ ਸਿੰਘ ਅਤੇ ਵਪਾਰ ਮੰਡਲ ਦੇ ਪ੍ਰਧਾਨ ਗੁਰਚਰਨ ਅਰੋੜਾ ਨੇ ਵੀ ਪਲਾਸਟਿਕ ਕਾਰਨ ਧਰਤੀ ਅਤੇ ਵਾਤਾਵਰਣ ਨੂੰ ਪੁੱਜ ਰਹੇ ਨੁਕਸਾਨ, ਇਸ ਦੇ ਬਦਲ ਅਤੇ ਇਸ ਦੇ ਨਿਪਟਾਰੇ ਸਬੰਧੀ ਆਪਣੇ ਵਿਚਾਰ ਰੱਖੇ।
ਸਮਾਗਮ ਦੌਰਾਨ ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ, ਐਸ ਡੀ ਐਮ ਬੰਗਾ ਨਵਨੀਤ ਕੌਰ ਬੱਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਜਕਾਰੀ ਇੰਜੀਨੀਅਰ ਸਮਿਤਾ, ਐਸ ਡੀ ਓ ਸੁਖਵੰਤ ਸਿੰਘ ਤੇ ਆਪ ਆਗੂ ਸਤਨਾਮ ਸਿੰਘ ਜਲਵਾਹਾ ਅਤੇੇ ਵੱਡੀ ਗਿਣਤੀ 'ਚ ਹੋਰ ਨੁਮਾਇੰਦੇ ਤੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਸੰਕੇਤਕ ਤੌਰ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੂਟ ਦੇ ਬਣੇ ਥੈਲੇ ਵੀ ਵੰਡੇ ਗਏ।