ਆਜ਼ਾਦੀ ਦਿਵਸ ਸਮਾਰੋਹ ਦੀ ਰਿਹਰਸਲ ਦੌਰਾਨ ਵਿਦਿਆਰਥੀਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਰੰਗ

ਨਵਾਂਸ਼ਹਿਰ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਅਭਿਆਸ ਵਿੱਚ ਵਿੱਚ 2000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ
ਸਹਾਇਕ ਕਮਿਸ਼ਨਰ ਗੁਰਲੀਨ ਸਿੱਧੂ ਨੇ ਪਹਿਲੇ ਦਿਨ ਦੀ ਰਿਹਰਸਲ ਦਾ ਜਾਇਜ਼ਾ ਲਿਆ
ਨਵਾਂਸ਼ਹਿਰ, 9 ਅਗਸਤ : ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 15 ਅਗਸਤ ਨੂੰ ਕਰਵਾਏ ਜਾ ਰਹੇ ਸੁਤੰਤਰਤਾ ਸਮਾਗਮ ਦੇ ਸਬੰਧ ਵਿੱਚ ਸਥਾਨਕ ਆਈ.ਟੀ.ਆਈ ਗਰਾਊਂਡ ਵਿਖੇ ਰਿਹਰਸਲ ਦੇ ਪਹਿਲੇ ਦਿਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਦੇਸ਼ ਭਗਤੀ ਦੇ ਰੰਗ ਪੇਸ਼ ਕੀਤੇ।
     ਕੌਮੀ ਉਤਸਵ ਲਈ ਸਭਿਆਚਾਰਕ ਪੇਸ਼ਕਾਰੀਆਂ ਅਤੇ ਸ਼ਾਨਦਾਰ ਪੀ ਟੀ ਸ਼ੋਅ ਤਿਆਰ ਕਰਨ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ: ਗੁਰਲੀਨ ਸਿੱਧੂ ਨੇ ਦੱਸਿਆ ਕਿ 20 ਸਕੂਲਾਂ ਦੇ ਲਗਭਗ 2000 ਵਿਦਿਆਰਥੀਆਂ ਨੇ ਆਈ.ਟੀ.ਆਈ. ਗਰਾਊਂਡ ਵਿੱਚ ਸਿਖਰਾਂ ਦੀ ਗਰਮੀ  ਵਿੱਚ ਵੀ ਆਪਣਾ ਦੇਸ਼ ਭਗਤੀ ਦਾ ਜਜ਼ਬਾ ਦਿਖਾਇਆ।
    ਉਨ੍ਹਾਂ ਦੱਸਿਆ ਕਿ ਇਸ ਮੌਕੇ ਪੇਸ਼ ਕੀਤੇ ਜਾਣ ਵਾਲੇ ਸ਼ਾਨਦਾਰ ਪੀ.ਟੀ.ਸ਼ੋਅ ਵਿੱਚ ਲਗਭਗ 9 ਤੋਂ 10 ਸਕੂਲ ਭਾਗ ਲੈ ਰਹੇ ਹਨ, ਜਦੋਂ ਕਿ 8 ਤੋਂ 9 ਸਕੂਲਾਂ ਦੀਆਂ ਦੇਸ਼ ਭਗਤੀ ਅਤੇ ਸਭਿਆਚਾਰਕ ਵੰਨਗੀਆਂ ਨੂੰ ਭਲਕੇ ਅੰਤਿਮ ਰੂਪ ਦਿੱਤਾ ਜਾਵੇਗਾ।
   ਉਨ੍ਹਾਂ ਦੱਸਿਆ ਕਿ ਸਭਿਆਚਾਰਕ ਪੇਸ਼ਕਾਰੀਆਂ ਵਿੱਚ ਭੰਗੜਾ, ਗਿੱਧਾ, ਮਾਰਸ਼ਲ ਆਰਟ ਗੱਤਕਾ ਅਤੇ ਹੋਰ ਕੋਰੀਓਗ੍ਰਾਫੀ ਅਤੇ ਐਕਸ਼ਨ ਅਧਾਰਿਤ ਦੇਸ਼ ਭਗਤੀ ਦੇ ਗੀਤ ਸ਼ਾਮਲ ਹਨ।  ਇਸ ਤੋਂ ਇਲਾਵਾ ਲੋਕ-ਪੱਖੀ ਯੋਜਨਾਵਾਂ ਅਤੇ ਵਿਕਾਸ 'ਤੇ ਆਧਾਰਿਤ ਝਾਕੀਆਂ ਵੀ ਆਜ਼ਾਦੀ ਦਿਵਸ ਸਮਾਰੋਹ ਦਾ ਹਿੱਸਾ ਹੋਣਗੀਆਂ।
    ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਦੀਆਂ ਪੁਰਸ਼ ਅਤੇ ਮਹਿਲਾ ਟੁਕੜੀਆਂ, ਹੋਮਗਾਰਡ ਜੁਆਨ, ਐਨ ਸੀ ਸੀ ਅਤੇ ਐਨ ਐਸ ਐਸ ਵਾਲੰਟੀਅਰ ਅਤੇ ਸਕੂਲ ਬੈਂਡ ਵੀ ਸ਼ਾਨਦਾਰ ਮਾਰਚ ਪਾਸਟ ਦਾ ਹਿੱਸਾ ਹੋਣਗੇ।
   ਸਹਾਇਕ ਕਮਿਸ਼ਨਰ ਨੇ ਦੱਸਿਆ ਕਿ 15 ਅਗਸਤ ਨੂੰ ਕਿਰਤ, ਯਾਤਰਾ ਅਤੇ ਸਭਿਆਚਾਰਕ ਅਤੇ ਨਿਵੇਸ਼ ਪ੍ਰੋਤਸਾਹਨ ਵਿਭਾਗਾਂ ਦੇ ਮੰਤਰੀ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸਰਿਕਤ ਕਰਨਗੇ।