ਹਰ ਘਰ ਤਿਰੰਗਾ : ਜ਼ਿਲ੍ਹੇ ਦੇ ਲੋਕ ਰਾਸ਼ਟਰੀ ਫਲੈਗ ਕੋਡ ਦਾ ਧਿਆਨ ਰੱਖ ਕੇ ਆਪਣੇ ਘਰਾਂ ’ਤੇ ਤਿਰੰਗਾ ਫ਼ਹਿਰਾਉਣ ਲਈ ਸੁਤੰਤਰ-ਡੀ ਸੀ ਐਨ ਪੀ ਐਸ ਰੰਧਾਵਾ

13 ਤੋਂ 15 ਅਗਸਤ ਤੱਕ ਰਾਸ਼ਟਰ ਨਾਲ ਇਕਮੁਠਤਾ ਦਿਖਾਉਣ ਲਈ ਸਰਕਾਰੀ ਅਤੇ ਨਿੱਜੀ ਅਦਾਰੇ ਵੀ ਝੰਡੇ ਫ਼ਹਿਰਾਉਣਗੇ
ਹਰ ਘਰ ਤਿਰੰਗਾ ਮੁਹਿੰਮ ਤਹਿਤ ਲਗਭਗ 70,000 ਝੰਡੇ ਵੰਡੇ ਜਾਣਗੇ
ਨਵਾਂਸ਼ਹਿਰ, 8 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਇੱਥੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਆਏ ਰਾਸ਼ਟਰ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਲਗਭਗ 70,000 ਤਿਰੰਗੇ ਝੰਡੇ ਵੰਡੇ ਜਾਣਗੇ।    ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਮ ਲੋਕ ਰਾਸ਼ਟਰੀ ਫਲੈਗ ਕੋਡ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ ਲਈ ਸੁਤੰਤਰ ਹਨ। ਫਲੈਗ ਕੋਡ ਆਫ ਇੰਡੀਆ, 2002 ਵਿੱਚ ਕੀਤੀ ਗਈ ਸੋਧ ਦੇ ਅਨੁਸਾਰ, ਰਾਸ਼ਟਰੀ ਝੰਡਾ ਦਿਨ-ਰਾਤ ਖੁੱਲ੍ਹੇ ਵਿੱਚ ਜਾਂ ਕਿਸੇ ਵੀ ਵਿਅਕਤੀ ਦੇ ਘਰ 'ਤੇ ਲਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਹੱਥ ਨਾਲ ਕੱਤਿਆ ਅਤੇ ਹੱਥ ਨਾਲ ਬੁਣਿਆ ਜਾਂ ਮਸ਼ੀਨ ਦਾ ਬਣਿਆ, ਸੂਤੀ/ਪੋਲੀਸਟਰ/ਉੰਨੀ/ਸਿਲਕ/ਖਾਦੀ ਦਾ ਹੋ ਸਕਦਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਕਿਤੇ ਵੀ ਰਾਸ਼ਟਰੀ ਝੰਡਾ ਫ਼ਹਿਰਾਇਆ ਜਾਣਾ ਹੈ, ਉਹ ਪੂਰੇ ਸਤਿਕਾਰ ਅਤੇ ਮਰਿਆਦਾ ਦੀ ਸਥਿਤੀ ਚ ਹੋਣਾ ਚਾਹੀਦਾ ਹੈ ਅਤੇ ਵਿਲੱਖਣ ਨਜ਼ਰ ਆਉਣਾ ਚਾਹੀਦਾ ਹੈ। ਇਸੇ ਤਰ੍ਹਾਂ, ਰਾਸ਼ਟਰੀ ਝੰਡੇ ਦਾ ਆਕਾਰ ਆਇਤਾਕਾਰ ਹੋਣਾ ਚਾਹੀਦਾ ਹੈ ਅਤੇ ਇਹ ਕਿਸੇ ਵੀ ਆਕਾਰ ਦਾ ਹੋ ਸਕਦਾ ਹੈ ਪਰ ਲੰਬਾਈ ਅਤੇ ਉਚਾਈ (ਚੌੜਾਈ) ਦਾ ਅਨੁਪਾਤ, 3 ਅਨੁਪਾਤ 2 ਹੋਣਾ ਚਾਹੀਦਾ ਹੈ।
   ਡੀ ਸੀ ਐਨ ਪੀ ਐਸ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿਭਾਗਾਂ ਨੂੰ ਕੌਮੀ ਝੰਡਾ ਵੰਡਣ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਦੋ ਤਰ੍ਹਾਂ ਦੇ ਆਕਾਰ ਦੇ ਰਾਸ਼ਟਰੀ ਝੰਡੇ ਦੀ ਲੋੜੀਂਦੀ ਮਾਤਰਾ ਪ੍ਰਾਪਤ ਹੋਈ ਹੈ, ਇੱਕ 20 ਗੁਣਾ 30 ਇੰਚ ਦਾ ਜਦਕਿ ਦੂਜਾ 16 ਗੁਣਾ 24 ਇੰਚ ਆਕਾਰ ਦਾ ਹੈ, ਜੋ ਕਿ ਕ੍ਰਮਵਾਰ 21 ਰੁਪਏ (ਪਹਿਲਾਂ ਮਿੱਥੀ ਕੀਮਤ 25 ਰੁਪਏ ਪ੍ਰਤੀ ਤੋਂ ਘਟਾ ਕੇ) ਅਤੇ 16.50 ਰੁਪਏ (ਪਹਿਲਾਂ ਨਿਰਧਾਰਿਤ ਕੀਮਤ 18 ਰੁਪਏ ਪ੍ਰਤੀ ਤੋਂ ਘਟਾ ਕੇ) ਦੇ ਹਿਸਾਬ ਨਾਲ ਦਿੱਤੇ ਜਾਣਗੇ।