ਵਿਧਾਇਕ ਪਠਾਣਮਾਜਰਾ ਤੇ ਗੁਰਲਾਲ ਘਨੌਰ ਨੇ ਭਾਰਤੀ ਵੇਟਲਿਫ਼ਟਰ ਟੀਮ ਦਾ ਪਟਿਆਲਾ ਪੁੱਜਣ 'ਤੇ ਮੁੱਖ ਮੰਤਰੀ ਵੱਲੋਂ ਸਵਾਗਤ ਕੀਤਾ

ਚਾਂਦੀ ਤਮਗਾ ਜੇਤੂਆਂ ਨੂੰ 50 ਲੱਖ ਤੇ ਕਾਂਸੀ ਤਮਗਾਂ ਜੇਤੂਆਂ ਨੂੰ 40-40 ਲੱਖ ਰੁਪਏ ਨਗ਼ਦ ਦੇਣਾ ਸ਼ਲਾਘਾਯੋਗ ਕਰਾਰ
ਪਟਿਆਲਾ, 7 ਅਗਸਤ: ਬਰਮਿੰਘਮ ਰਾਸ਼ਟਰ ਮੰਡਲ ਖੇਡਾਂ 'ਚ ਤਮਗੇ ਜਿੱਤ ਕੇ ਵਾਪਸ ਪਰਤੀ ਭਾਰਤੀ ਵੇਟਲਿਫ਼ਟਰਾਂ ਦੀ ਟੀਮ ਦਾ ਅੱਜ ਪਟਿਆਲਾ ਪੁੱਜਣ 'ਤੇ ਇੱਥੇ ਐਨ.ਆਈ.ਐਸ. ਵਿਖੇ ਗਰਮਜੋਸ਼ੀ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਨ੍ਹਾਂ ਤਮਗਾ ਜੇਤੂ ਖਿਡਾਰੀਆਂ 'ਚ 4 ਖਿਡਾਰੀ ਪੰਜਾਬ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਵਾਗਤ ਕਰਨ ਅਤੇ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵਧਾਈ ਦੇਣ ਲਈ ਸਨੌਰ ਤੇ ਘਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਗੁਰਲਾਲ ਘਨੌਰ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਇਸ ਮੌਕੇ ਐਨ.ਆਈ.ਐਸ. ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ ਰਾਜ ਸਿੰਘ ਬਿਸ਼ਨੋਈ ਤੇ ਪਟਿਆਲਾ ਦੇ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਨੇ ਵੀ ਟੀਮ ਦਾ ਭਰਵਾਂ ਸਵਾਗਤ ਕੀਤਾ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਲਾਲ ਘਨੌਰ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਪੰਜਾਬ ਦੇ ਚਾਂਦੀ ਦੇ ਤਮਗਾ ਜੇਤੂ ਖਿਡਾਰੀ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂ ਖਿਡਾਰੀ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨੂੰ 40 ਲੱਖ ਰੁਪਏ ਦਾ ਨਗ਼ਦ ਇਨਾਮ ਦੇਣ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਯੂਸ ਹੋ ਚੁੱਕੇ ਖਿਡਾਰੀਆਂ ਲਈ ਪੰਜਾਬ ਸਰਕਾਰ ਨਵੀਂ ਆਸ ਦੀ ਕਿਰਨ ਲੈਕੇ ਆਈ ਹੈ ਅਤੇ ਰਾਜ ਸਰਕਾਰ ਵੱਲੋਂ ਐਲਾਨੀ ਨਗ਼ਦ ਇਨਾਮੀ ਰਾਸ਼ੀ ਸਾਡੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ 'ਚ ਬਹੁਤ ਹੀ ਵੱਡੀ ਭੂਮਿਕਾ ਅਦਾ ਕਰੇਗੀ ਅਤੇ ਹੋਰ ਵੀ ਖਿਡਾਰੀ ਅੱਗੇ ਆਉਣਗੇ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਖੇਡਾਂ ਦੇ ਸੱਭਿਆਚਾਰ ਨੂੰ ਪ੍ਰਫ਼ੁਲਤ ਕਰ ਰਹੀ ਹੈ ਤਾਂ ਕਿ ਸਾਡੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਨਾਲ ਜਿੱਥੇ ਸਾਡੀਆਂ ਰਵਾਇਤੀ ਖੇਡਾਂ ਦੁਬਾਰਾ ਪ੍ਰਫ਼ੁਲਤ ਹੋਣਗੀਆਂ ਅਤੇ ਉਥੇ ਹੀ ਖਿਡਾਰੀਆਂ ਦਾ ਮਨੋਬਲ ਵੀ ਵਧਦਾ ਹੈ।
ਦੋਵਾਂ ਵਿਧਾਇਕਾਂ ਨੇ ਉਮੀਦ ਜਤਾਈ ਕਿ ਆਮ ਪਰਿਵਾਰਾਂ 'ਚੋਂ ਨਵੇਂ ਖਿਡਾਰੀ ਨਿਕਲਣਗੇ ਅਤੇ ਸਾਡੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਵਿਧਾਇਕ ਪਠਾਣਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੇ ਹਲਕਾ ਸਨੌਰ 'ਚ 50 ਗਰਾਊਂਡ ਛੁਡਵਾਏ ਹਨ ਅਤੇ ਖੇਡਾਂ ਨੂੰ ਪ੍ਰਫ਼ੁਲਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਟੀਮ ਨੇ ਕਾਮਨਵੈਲਥ ਖੇਡਾਂ ਵਿਚ ਭਾਰਤ ਲਈ 10 ਤਮਗੇ ਜਿੱਤੇ ਹਨ, ਜਿਸ ਵਿਚ 3 ਸੋਨੇ, 3 ਚਾਂਦੀ ਤੇ 4 ਕਾਂਸੀ ਦੇ ਤਮਗੇ ਸ਼ਾਮਿਲ ਹਨ। ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਟੀਮ ਵਿਚ ਚਾਰ ਤਮਗਾ ਜੇਤੂ ਖਿਡਾਰੀ ਪੰਜਾਬ ਤੋਂ ਹਨ, ਜਿੰਨਾ ਵਿਚੋ ਇੱਕ ਹਰਜਿੰਦਰ ਕੌਰ ਦਾ ਪਿੰਡ ਮੈਹਸ, ਪਟਿਆਲਾ ਜ਼ਿਲ੍ਹੇ ਵਿੱਚ ਪੈਂਦਾ ਹੈ।
ਅੱਜ ਭਾਰਤ ਪੁੱਜੇ ਖਿਡਾਰੀਆਂ ਵਿਚ ਸੋਨ ਤਮਗਾ ਜੇਤੂ ਮੀਰਾਂ ਬਾਈ ਚਾਨੂੰ, ਜਿਰਮੀ ਲਾਲਰੀਨੁਗਾ, ਅਚਿੰਤਾ ਸੀਉਲੀ, ਚਾਂਦੀ ਦਾ ਤਮਗਾ ਜੇਤੂ ਭੰਡਾਰਨੀ ਦੇਵੀ, ਸੰਕੇਤ ਸਰਗਰ, ਵਿਕਾਸ ਠਾਕੁਰ,  ਕਾਂਸੀ ਦਾ ਤਗਮ ਜੇਤੂ ਹਰਜਿੰਦਰ ਕੌਰ, ਗੁਰਦੀਪ ਸਿੰਘ, ਗੁਰੂਰਾਜਾ ਪੂਜਾਰੇ ਸ਼ਾਮਿਲ ਸਨ। ਇਸ ਤੋਂ ਇਲਾਵਾ ਚੌਥੇ ਸਥਾਨ ਉਤੇ ਰਹੀ ਅਜੇ ਸਿੰਘ, ਪੋਰੀ ਹਜਾਰਿਕਾ (ਸੱਤਵੇਂ), ਊਸ਼ਾ ਕੁਮਾਰਾ (ਛੇਵੇਂ) ਅਤੇ ਪੂਰਨਿਮਾ ਪਾਂਡੇ (ਛੇਵੇਂ ਸਥਾਨ) ਵੀ ਅੱਜ ਪਹੁੰਚੇ ਖਿਡਾਰੀਆਂ ਵਿਚ ਸ਼ਾਮਿਲ ਸਨ। ਟੀਮ ਦੇ ਸਵਾਗਤ ਮੌਕੇ ਐਨ.ਆਈ.ਐਸ. ਦੇ ਡਿਪਟੀ ਡਾਇਰੈਕਟਰ ਗੌਰਵ ਰਾਵਤ, ਟੀਮ ਦਾ ਸਹਾਇਕ ਕੋਚ ਸੰਦੀਪ ਸਿੰਘ ਸਮੇਤ ਖਿਡਾਰੀ ਅਤੇ ਵੱਡੀ ਗਿਣਤੀ ਖੇਡ ਪ੍ਰਸ਼ੰਸਕ ਵੀ ਮੌਜੂਦ ਸਨ।