ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਵੱਲੋਂ 'ਸਾਂਝ ਅਮੁੱਲੀ ਬੋਲੀ ਦੀ' ਪੁਸਤਕ ਲੋਕ ਅਰਪਣ

ਆਪਣੀ ਵਿਲੱਖਣ ਸਮਰੱਥਾ 'ਸਾਂਝ ਅਮੁੱਲੀ ਬੋਲੀ ਦੀ' ਨਾਲ ਪੰਜਾਬੀ ਸਾਹਿਤਕ ਖੇਤਰ 'ਚ ਆਪਣਾ ਵਿਸ਼ੇਸ਼ ਸਥਾਨ ਕਾਇਮ ਕਰੇਗੀ-ਚੰਦਰ ਗੈਂਦ

ਪਟਿਆਲਾ, 12 ਫਰਵਰੀ:(ਬਿਊਰੋ) ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿੱਚ 30 ਗ਼ਜ਼ਲਗੋ ਕਵੀਆਂ ਦੇ ਸਾਂਝੇ ਗ਼ਜ਼ਲ ਸੰਗ੍ਰਹਿ 'ਸਾਂਝ ਅਮੁੱਲੀ ਬੋਲੀ ਦੀ' ਪੁਸਤਕ ਨੂੰ ਲੋਕ ਅਰਪਣ ਕੀਤਾ। ਸ੍ਰੀ ਚੰਦਰ ਗੈਂਦ ਨੇ ਇਸ ਮੌਕੇ ਕਿਹਾ ਕਿ ਇਹ ਪੁਸਤਕ ਆਪਣੀ ਵਿਲੱਖਣ ਸਮਰੱਥਾ ਨਾਲ ਦੁਨੀਆਂ-ਭਰ ਦੇ ਪੰਜਾਬੀ ਭਾਸ਼ਾ ਦੇ ਸਾਹਿਤਕ ਖੇਤਰਾਂ ਵਿੱਚ ਆਪਣਾ ਵਿਸ਼ੇਸ਼ ਸਥਾਨ ਕਾਇਮ ਕਰੇਗੀ। ਸ੍ਰੀ ਗੈਂਦ ਨੇ ਇਸ ਸਾਰਥਕ ਉਪਰਾਲੇ ਲਈ ਪੁਸਤਕ ਦੇ ਸੰਪਾਦਕੀ ਮੰਡਲ ਅਤੇ ਤ੍ਰਿਵੇਣੀ ਸਾਹਿਤ ਪ੍ਰੀਸ਼ਦ ਪਟਿਆਲਾ ਦੀ ਭਰਪੂਰ ਸ਼ਲਾਘਾ ਕੀਤੀ। ਲੋਕ ਅਰਪਣ ਦੇ ਇਸ ਸੰਖੇਪ ਪਰੰਤੂ ਭਾਵਪੂਰਤ ਮੌਕੇ ਪੁਸਤਕ ਦੇ ਸੰਪਾਦਕ, ਸ਼ਾਇਰ ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਇਸ ਗ਼ਜ਼ਲ ਸੰਗ੍ਰਹਿ ਬਾਰੇ ਮੁਢਲੀ ਜਾਣਕਾਰੀ ਦਿੰਦਿਆਂ ਆਖਿਆ ਕਿ ਪੰਜਾਬ ਦੇ ਉੱਘੇ ਰਿਆਸਤੀ ਸ਼ਹਿਰ ਪਟਿਆਲਾ ਦੀ ਸਰ-ਜ਼ਮੀਨ 'ਤੇ ਪਹਿਲੀ ਵਾਰ ਮਾਂ-ਬੋਲੀ ਪੰਜਾਬੀ ਦੀਆਂ ਦੋ ਲਿਪੀਆਂ ਗੁਰਮੁਖੀ ਤੇ ਸ਼ਾਹਮੁਖੀ ਦਾ ਸਾਂਝਾ ਗ਼ਜ਼ਲ-ਸੰਗ੍ਰਹਿ, ਬੀਤੇ 42 ਸਾਲਾਂ ਤੋਂ ਤ੍ਰੈਭਾਸ਼ੀ ਸਾਹਿਤ ਦੀ ਸੇਵਾ ਕਰਦੀ ਆ ਰਹੀ ਸੰਸਥਾ 'ਤ੍ਰਿਵੇਣੀ ਸਾਹਿਤ ਪਰਿਸ਼ਦ  ਪਟਿਆਲਾ' ਦੀ ਮਾਣਮੱਤੀ ਪੇਸ਼ਕਸ਼ ਦੇ ਤੌਰ 'ਤੇ ਪ੍ਰਕਾਸ਼ਿਤ ਹੋਇਆ ਹੈ।ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਖਿਆ ਕਿ 30 ਕਵੀਆਂ ਦੀ ਇਸ ਸਾਂਝੀ ਪੁਸਤਕ ਨੂੰ ਦੁਨੀਆ ਦੇ ਮੁੱਖ ਦੇਸ਼ਾਂ ਦੇ ਪੰਜਾਬੀ ਦੇ ਵਿਦਵਾਨਾਂ ਅਤੇ ਪਾਠਕਾਂ ਤਕ ਪੁਜਦਾ ਕੀਤਾ ਜਾਵੇਗਾ। ਜਨਰਲ ਸਕੱਤਰ ਤੇਜਿੰਦਰ ਸਿੰਘ ਅਨਜਾਨਾ ਨੇ ਇਸ ਪੁਸਤਕ ਨੂੰ ਮਾਂ-ਬੋਲੀ ਦੇ ਗ਼ਜ਼ਲ ਸਾਹਿਤ ਵਿਚ ਇਕ ਮੀਲ ਪੱਥਰ ਗ਼ਜ਼ਲ ਸੰਗ੍ਰਹਿ ਆਖਿਆ। ਲੋਕ ਅਰਪਣ ਮੌਕੇ ਨਵੀਨ ਕਮਲ 
ਭਾਰਤੀ, ਹਰੀ ਸਿੰਘ ਚਮਕ, ਤ੍ਰਿਲੋਕ ਸਿੰਘ ਢਿੱਲੋਂ, ਰਾਮ ਸਿੰਘ ਬੰਗ, ਹਰਦੀਪ ਕੌਰ ਜੱਸੋਵਾਲ, ਡਾ. ਸੁਰਜੀਤ ਖੁਰਮਾ, ਗੁਰਵਿੰਦਰ ਕੌਰ ਵਿੰਦਰ, ਬਲਵਿੰਦਰ ਸਿੰਘ ਭੱਟੀ, ਬਚਨ ਸਿੰਘ ਗੁਰਮ, ਦਲੀਪ ਸਿੰਘ ਨਿਰਮਾਣ, ਗੁਰਚਰਨ ਸਿੰਘ ਚੌਹਾਨ ਤੇ ਸੰਜੈ ਚੋਪੜਾ ਆਦਿ ਕਵੀ ਸ਼ਾਮਿਲ ਹੋਏ।
ਫੋਟੋ ਕੈਪਸ਼ਨ- ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ 30 ਗ਼ਜ਼ਲਗੋ ਕਵੀਆਂ ਦੇ ਸਾਂਝੇ ਗ਼ਜ਼ਲ ਸੰਗ੍ਰਹਿ 'ਸਾਂਝ ਅਮੁੱਲੀ ਬੋਲੀ ਦੀ' ਪੁਸਤਕ ਨੂੰ ਲੋਕ ਅਰਪਣ ਕਰਦੇ ਹੋਏ।