*ਭਾਰਤ ਸਰਕਾਰ ਦੇ 'ਨਿਊਜ਼ ਲੈਟਰ' ਵਿਚ ਲਗਾਤਾਰ ਹੋ ਰਿਹੈ ਜ਼ਿਲੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ
ਨਵਾਂਸ਼ਹਿਰ, 12 ਫਰਵਰੀ :(ਬਿਊਰੋ) ਭਾਰਤ ਸਰਕਾਰ ਵੱਲੋਂ ਦੇਸ਼ ਦੇ ਹਰ ਕੋਨੇ ਵਿਚ ਨਸ਼ਾ ਮੁਕਤ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਹਰੇਕ ਜ਼ਿਲੇ ਵਿਚ ਡਿਪਟੀ ਕਮਿਸ਼ਨਰ ਦੀ ਚੇਅਰਮੈਨਸ਼ਿਪ ਵਿਚ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਨਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਮੁਲਕ ਦੇ ਨੌਜਵਾਨ ਵਰਗ ਨੂੰ ਨਸ਼ੇ ਦੀ ਆਦਤ ਤੋਂ ਬਚਾਉਣਾ ਅਤੇ ਰਚਨਾਤਮਕ ਕੰਮਾਂ ਲਈ ਪ੍ਰੇਰਿਤ ਕਰਨਾ ਹੈ। ਇਸ ਤਰਾਂ ਨਾਲ ਇਸ ਮੁਹਿੰਮ ਰਾਹੀਂ ਵੱਖ-ਵੱਖ ਪਲੇਟਫਾਰਮਾਂ, ਜਿਵੇਂ ਸਿੱਖਿਆ ਸੰਸਥਾਵਾਂ, ਕਿੱਤਾਕਾਰੀ ਟ੍ਰੇਨਿੰਗ ਸੰਸਥਾਵਾਂ, ਪੁਲਿਸ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਰਾਹੀਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਵੀ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਵਿਚ ਐਕਸ਼ਨ ਪਲਾਨ ਬਣਾ ਕੇ ਵੱਡੀ ਪੱਧਰ 'ਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨਾਂ ਨੂੰ ਜ਼ਿਲਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਜ਼ਿਲੇ ਵਿਚ ਨਿਵੇਕਲੀਆਂ ਗਤੀਵਿਧੀਆਂ ਅਰੰਭੀਆਂ ਗਈਆਂ ਹਨ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਜਿਥੇ ਜੇ. ਐਫ. ਜੇ. ਐਚ, ਐਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੌਜਵਾਨਾਂ ਵਿਚਾਲੇ ਕਰਵਾਇਆ ਗਿਆ ਫੁੱਟਬਾਲ ਮੈਚ ਯਾਦਗਾਰੀ ਰਿਹਾ ਉਥੇ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਰੈੱਡ ਕਰਾਸ ਸੁਸਾਇਟੀ ਦੇ ਮੁੜ ਵਸੇਬਾ ਕੇਂਦਰ (ਰੀਹੈਬਲੀਟੇਸ਼ਨ ਸੈਂਟਰ) ਦੇ ਅਜਿਹੇ ਨੌਜਵਾਨ, ਜਿਹੜੇ ਕਿਸੇ ਸਮੇਂ ਨਸ਼ੇ ਦੇ ਆਦੀ ਹੋ ਗਏ ਸਨ, ਵਿਚਾਲੇ ਆਈ. ਟੀ. ਆਈ ਗਰਾਊਂਡ ਨਵਾਂਸ਼ਹਿਰ ਵਿਖੇ ਕਰਵਾਇਆ ਕਬੱਡੀ ਮੈਚ, ਇਸ ਮੁਹਿੰਮ ਪ੍ਰਤੀ ਜ਼ਿਲਾ ਪ੍ਰਸ਼ਾਸਨ ਦੀ ਸੰਵੇਦਨਸ਼ੀਲਤਾ ਨੂੰ ਬਾਖੂਬੀ ਦਰਸਾ ਗਿਆ। ਇਸ ਕਬੱਡੀ ਮੈਚ ਵਿਚ ਉਨਾਂ ਬੱਚਿਆਂ ਦੇ ਮਾਤਾ-ਪਿਤਾ ਦਾ ਬਤੌਰ ਦਰਸ਼ਕ ਹਾਜ਼ਰ ਹੋਣਾ ਅਤੇ ਆਪਣੇ ਬੱਚਿਆਂ ਨੂੰ ਖੇਡਦੇ ਵੇਖ ਕੇ ਖੁਸ਼ ਹੋਣਾ, ਇਕ ਅਜਿਹੀ ਤਸਵੀਰ ਪੇਸ਼ ਕਰ ਰਿਹਾ ਸੀ, ਜਿਸ ਨੂੰ ਅਸੀਂ ਸਾਰੇ ਦੇਖਣਾ ਚਾਹੁੰਦੇ ਹਾਂ। ਉਹ ਤਸਵੀਰ, ਜਿਸ ਵਿਚ ਮਾਪਿਆਂ ਦਾ ਚਾਵਾਂ-ਲਾਡਾਂ ਨਾਲ ਪਾਲਿਅ ਬੱਚਾ, ਜੋ ਕਿਸੇ ਕਾਰਨ ਨਸ਼ੇ ਦਾ ਆਦੀ ਹੋ ਗਿਆ ਸੀ, ਉਹ ਨਸ਼ੇ ਦੀ ਮਾੜੀ ਆਦਤ ਤੋਂ ਮੁਕਤ ਹੋ ਕੇ ਮੁੜ ਰਚਨਾਤਮਕ ਕੰਮਾਂ ਵਿਚ ਦਿਲਚਸਪੀ ਲੈਂਦਾ ਹੈ ਅਤੇ ਤੰਦਰੁਸਤ ਜੀਵਨ ਜਿਊਂਦੇ ਹੋਏ ਆਪਣੇ ਪੈਰਾਂ 'ਤੇ ਖੜਾ ਹੁੰਦਾ ਹੈ।
'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਆਪਣੀਆਂ ਨਿਵੇਕਲੀਆਂ ਗਤੀਵਿਧੀਆਂ ਅਤੇ ਬਿਹਤਰੀਨ ਕਾਰਗੁਜ਼ਾਰੀ ਸਦਕਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਕੌਮੀ ਪੱਧਰ 'ਤੇ ਆਪਣੀ ਪਹਿਚਾਣ ਬਣਾਉਣ ਵਿਚ ਸਫਲ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਹਰੇਕ ਮਹੀਨੇ ਜਾਰੀ ਕੀਤਾ ਜਾਂਦਾ ਨਿਊਜ਼ ਲੈਟਰ, ਜੋ ਕਿ ਵੱਖ-ਵੱਖ ਜ਼ਿਲਿਆਂ ਵਿਚ ਇਸ ਅਭਿਆਨ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਮੁਲਾਂਕਣ ਕਰਦਾ ਹੈ, ਇਸ ਗੱਲ ਦੀ ਗਵਾਹੀ ਭਰਦਾ ਹੈ। ਇਸ ਨਿਉਜ਼ ਲੈਟਰ ਵਿਚ ਨਸ਼ਿਆਂ ਖਿਲਾਫ਼ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਦਾ ਲਗਾਤਾਰ ਜ਼ਿਕਰ ਹੋ ਰਿਹਾ ਹੈ। ਬੀਤੇ ਦਿਨੀਂ ਦਿੱਲੀ ਤੋਂ ਨਸ਼ਿਆਂ ਖਿਲਾਫ਼ ਗਤੀਵਿਧੀਆਂ ਦੀ ਸਮੀਖਿਆ ਕਰਨ ਆਈ ਭਾਰਤ ਸਰਕਾਰ ਦੀ ਵਿਸ਼ੇਸ਼ ਟੀਮ ਨੇ ਜ਼ਿਲੇ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ ਅਤੇ ਉਸ ਵੱਲੋਂ ਨਸ਼ਿਆਂ ਖਿਲਾਫ਼ ਜ਼ਿਲੇ ਵੱਲੋਂ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸੇ ਦੇ ਆਧਾਰ 'ਤੇ ਜ਼ਿਲਾ ਇਕ ਵਾਰ ਫਿਰ ਤੋਂ ਭਾਰਤ ਸਰਕਾਰ ਦੇ ਨਿਊਜ਼ ਲੈਟਰ ਵਿਚ ਆਪਣਾ ਸਥਾਨ ਬਰਕਰਾਰ ਰੱਖਣ ਵਿਚ ਸਫਲ ਰਿਹਾ ਹੈ। ਜ਼ਿਲੇ ਨੂੰ ਨਸ਼ਾ ਮੁਕਤ ਕਰਨ ਲਈ ਜੀਅ-ਜਾਨ ਨਾਲ ਜੁੱਟੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਅਭਿਆਨ ਨਾਲ ਜੁੜੀ ਹਰੇਕ ਸੰਸਥਾ ਅਤੇ ਜ਼ਿਲਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਜ਼ਿਲੇ ਵਿਚੋਂ ਨਸ਼ੇ ਵਰਗੀ ਘਾਤਕ ਬਿਮਾਰੀ ਦੇ ਖ਼ਾਤਮੇ ਲਈ ਅਜੇ ਵੀ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ। ਇਸ ਲਈ ਉਨਾਂ ਅਪੀਲ ਕੀਤੀ ਕਿ ਜ਼ਿਲੇ ਦੇ ਮੋਹਤਬਰ ਵਿਅਕਤੀ ਅਤੇ ਸਵੈ-ਸੇਵੀ ਸੰਸਥਾਵਾਂ ਇਸ ਅਭਿਆਨ ਤਹਿਤ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਅੱਗੇ ਆਉਣ, ਤਾਂ ਜੋ ਅਸੀਂ ਸਾਰੇ ਆਪਸੀ ਸਹਿਯੋਗ ਨਾਲ ਰਲ-ਮਿਲ ਕੇ ਜ਼ਿਲੇ ਨੂੰ ਨਸ਼ਾ ਮੁਕਤ ਕਰ ਸਕੀਏ। ਉਨਾਂ ਕਿਹਾ ਕਿ 'ਨਸ਼ੇ ਦੇ ਖਿਲਾਫ਼ ਕਰਾਂਗੇ ਫ਼ਤਹਿ ਕਿਲਾ, ਨਸ਼ਾ ਮੁਕਤ ਹੋਵੇਗਾ ਸਾਡਾ ਜ਼ਿਲਾ'।
ਫੋਟੋ :- ਭਾਰਤ ਸਰਕਾਰ ਵੱਲੋਂ ਜਾਰੀ ਤਾਜ਼ਾ 'ਨਿਊਜ਼ ਲੈਟਰ', ਜਿਸ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ।