ਕਿਸਾਨ ਆਗੂਆਂ ਵਲੋਂ ਦਿੱਲੀ ਮੋਰਚੇ ਵਿਚ ਪੂਰੀ ਤਾਕਤ ਝੋਕਣ ਦਾ ਸੱਦਾ


ਬਲਾਚੌਰ 7 ਫਰਵਰੀ (ਬਿਊਰੋ) ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਮਜਾਰੀ ਟੌਲ ਪਲਾਜੇ ਉੱਤੇ ਕਿਸਾਨਾਂ ਨੂੰ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਕੇਂਦਰ ਦੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਕਿਸਾਨ ਮੋਰਚੇ ਵਿਚ ਆਪਣੀ ਪੂਰੀ ਤਾਕਤ ਝੋਕਣ ਦਾ ਸੱਦਾ ਦਿੱਤਾ ਹੈ। ਇੱਥੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ, ਗੁਰਬਖਸ਼ ਕੌਰ ਸੰਘਾ, ਦੋਆਬਾ ਕਿਸਾਨ ਯੂਨੀਅਨ ਦੇ ਆਗੂ, ਹਰਮਿੰਦਰ ਸਿੰਘ ਫੌਜੀ ਅਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ)ਦੇ ਸੂਬਾਈ ਆਗੂ ਗੁਰਦਿਆਲ ਰੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੌਜੂਦਾ ਕਿਸਾਨੀ ਘੋਲ ਵਿਚ ਕਿਸੇ ਤਰ੍ਹਾਂ ਦੀ ਢਿੱਲਮਠ ਜਾਂ ਅਣਗਹਿਲੀ ਵਰਤੀ ਗਈ ਤਾਂ ਸਾਡੇ ਪੱਲੇ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਪਵੇਗਾ ਅਤੇ ਸਾਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਕਦੇ ਮੁਆਫ਼ ਨਹੀਂ ਕਰਨਗੀਆਂ। ਆਗੂਆਂ ਨੇ ਕਿਹਾ ਕਿ ਸਾਡੀ ਲੜਾਈ ਉਸ ਮੋਦੀ ਸਰਕਾਰ ਨਾਲ ਹੈ ਜੋ ਸਿਰੇ ਦੀ ਝੂਠੀ, ਜਾਬਰ, ਫਰੇਬੀ ਅਤੇ ਬੇਰਹਿਮ ਹੈ। ਇਸ ਸਰਕਾਰ ਦਾ ਮੁਕਾਬਲਾ ਕਰਨ ਲਈ ਹੋਸ਼ ਅਤੇ ਜਜ਼ਬੇ ਭਰਪੂਰ ਸੰਘਰਸ਼ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਅੰਨ੍ਹੀ-ਬੋਲੀ ਸਰਕਾਰ ਦੀਆਂ ਅੱਖਾਂ ਅਤੇ ਕੰਨ ਖੋਹਲਣ ਲਈ ਇਸ ਘੋਲ ਨੂੰ ਹੋਰ ਵੀ ਲਾਮਬੰਦ ਕਰਨ ਅਤੇ ਤਿਖੇਰਾ ਕਰਨ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ 6 ਫਰਵਰੀ ਦੇ ਸਫਲ ਬੰਦ ਨੇ ਦਰਸਾ ਦਿੱਤਾ ਹੈ ਕਿ ਕਿਸਾਨਾਂ ਦੇ ਰੋਹ ਦੀ ਜਵਾਲਾ ਮੱਠੀ ਨਹੀਂ ਪਈ ਸਗੋਂ ਇਸਦੀਆਂ ਲਪਟਾਂ ਹੋਰ ਵੀ ਉੱਚੀਆਂ ਹੋਈਆਂ ਹਨ ਜਿਸਦੇ ਸੇਕ ਨੇ ਦਿੱਲੀ ਦਰਬਾਰ ਅੰਦਰ ਭਾਰੀ ਹਲਚਲ ਪੈਦਾ ਕੀਤੀ ਹੈ।ਉਹਨਾਂ ਕਿਹਾ ਕਿ ਕਿਸਾਨ ਲਾਜਮੀ ਤੌਰ ਉੱਤੇ ਜਿੱਤ ਦਾ ਪਰਚਮ ਲਹਿਰਾਉਣਗੇ । ਇਸ ਮੌਕੇ ਉੱਤੇ ਕੁਲਵਿੰਦਰ ਸਿੰਘ ਸਜਾਵਲਪੁਰ, ਦਲਵੀਰ ਸਿੰਘ ਸ਼ਹਾਬਪੁਰ, ਪਰਮਜੀਤ ਸਿੰਘ ਸ਼ਹਾਬਪੁਰ, ਮੋਹਨ ਸਿੰਘ ਜੈਨ ਪੁਰ,ਸੋਹਣ ਸਿੰਘ ਖੰਡੂ ਪੁਰ, ਹਰਭਜਨ ਸਿੰਘ ਰਾਣੇਵਾਲ ਟੱਪਰੀਆਂ, ਹਰਬੰਸ ਸਿੰਘ ਅਤੇ ਹੋਰ ਆਗੂ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਮਜਾਰੀ ਟੌਲ ਪਲਾਜੇ ਉੱਤੇ ਕਿਸਾਨ ਮੋਦੀ ਸਰਕਾਰ ਵਿਰੁੱਧ ਨਾਹਰੇਬਾਜ਼ੀ ਕਰਦੇ ਹੋਏ।