
ਪ੍ਰਾਰਥੀਆਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਉਪਰੰਤ ਡੀ. ਬੀ. ਈ. ਈ ਵਿਖੇ ਲਗਾਇਆ ਸੈਮੀਨਾਰ
ਨਵਾਂਸ਼ਹਿਰ, 9 ਫਰਵਰੀ :-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਅਧੀਨ ਜ਼ਿਲੇ ਦੀਆਂ ਹੋਣਹਾਰ ਬੱਚੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਜਲਦ ਹੀ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਨੇ ਅੱਜ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਆਨਲਾਈਨ ਕੋਚਿੰਗ ਕਲਾਸਾਂ ਲਈ ਅਪਲਾਈ ਕਰਨ ਵਾਲੀਆਂ ਬੱਚੀਆਂ ਦੇ ਦਸਤਾਵੇਜਾਂ ਦੀ ਵੈਰੀਫਿਕੇਸ਼ਨ ਉਪਰੰਤ ਉਨਾਂ ਲਈ ਲਗਾਏ ਜਾਗਰੂਕਤਾ ਸੈਮੀਨਾਰ ਮੌਕੇ ਕੀਤਾ। ਉਨਾਂ ਦੱਸਿਆ ਕਿ ਇਨਾਂ ਕਲਾਸਾਂ ਦਾ ਜ਼ਿਲੇ ਦੀਆਂ ਹੋਣਹਾਰ ਬੱਚੀਆਂ ਨੂੰ ਬੇਹੱਦ ਲਾਭ ਮਿਲੇਗਾ ਅਤੇ ਉਹ ਆਪਣੇ ਕੈਰੀਅਰ ਵਿਚ ਉੱਚ ਮੁਕਾਮ ਹਾਸਲ ਕਰ ਸਕਣਗੀਆਂ। ਉਨਾਂ ਸਾਰੇ ਪ੍ਰਾਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ, ਕੈਰੀਅਰ ਕਾਊਂਸਲਰ ਹਰਮਨਦੀਪ ਸਿੰਘ ਅਤੇ ਪਲੇਸਮੈਂਟ ਅਫ਼ਸਰ ਮਣਸ਼ਿਆਮ ਵੱਲੋਂ ਵੀ ਡੀ. ਬੀ. ਈ. ਈ ਦੀਆਂ ਵੱਖ-ਵੱਖ ਗਤੀਵਿਧੀਆਂ 'ਤੇ ਚਾਨਣਾ ਪਾਇਆ ਗਿਆ। ਇਸ ਦੌਰਾਨ ਅਦਿੱਤਿਆ ਉੱਪਲ ਵੱਲੋਂ ਡੀ. ਬੀ. ਈ. ਈ ਵਿਖੇ ਸਥਾਪਿਤ ਕੀਤੀ ਗਈ ਲਾਇਬੇ੍ਰਰੀ ਦਾ ਵੀ ਦੌਰਾ ਕੀਤਾ। ਉਨਾਂ ਕਿਹਾ ਕਿ ਪ੍ਰਾਰਥੀ ਇਸ ਲਾਇਬ੍ਰੇਰੀ ਵਿਚ ਮੁਕਾਬਲੇ ਦੇ ਇਮਤਿਹਾਨਾਂ ਸਬੰਧੀ ਉਪਲਬੱਧ ਵੱਖ-ਵੱਖ ਕਿਤਾਬਾਂ ਦਾ ਲਾਭ ਲੈ ਸਕਦੇ ਹਨ। ਜ਼ਿਲਾ ਰੋਜ਼ਗਾਰ ਅਫ਼ਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਸਨਿੱਚਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਇਸ ਲਾਇਬ੍ਰੇਰੀ ਦਾ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ :- ਡੀ. ਬੀ. ਈ. ਈ ਸਥਿਤ ਲਾਇਬ੍ਰੇਰੀ ਦਾ ਮੁਆਇਨਾ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ। ਨਾਲ ਹਨ ਜ਼ਿਲਾ ਰੋਜ਼ਗਾਰ ਅਫ਼ਸਰ ਰੁਪਿੰਦਰ ਕੌਰ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਅਤੇ ਹੋਰ ਅਧਿਕਾਰੀ।