ਨਸ਼ਾ ਛੁਡਾਊ ਕੇਂਦਰ ’ਚ ਇਲਾਜ ਕਰਵਾ ਰਹੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਮਿਸ਼ਨ ਰੈਡ ਸਕਾਈ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਨਸ਼ਾ ਛੱਡਣ ਲਈ ਇਲਾਜ ਕਰਵਾ ਰਹੇ ਲੋਕਾਂ ਦੇ ਲਈ ਸ਼ੁਰੂ ਕੀਤਾ ਇਹ ਪ੍ਰੋਜੈਕਟ

ਹੁਸ਼ਿਆਰਪੁਰ, 9 ਫਰਵਰੀ : (ਬਿਊਰੋ) ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮੁਹਿੰਮ ਵਲੋਂ ਬੇਹਤਰੀਨ ਪਹਿਲ ਕਰਦੇ ਹੋਏ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਵਿਅਕਤੀਆਂ  ਨੂੰ ਰੋਜ਼ਗਾਰ, ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਮਿਸ਼ਨ ਰੈਡ ਸਕਾਈ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਨਸ਼ਾ ਛੱਡ ਕੇ ਆਪਣਾ ਕੰਮ ਧੰਦਾ ਸ਼ੁਰੂ ਕਰਨ ਦਾ ਚਾਹਵਾਨ ਹੈ, ਉਸ ਲਈ ਮਿਸ਼ਨ ਰੈਡ ਸਕਾਈ ਵਰਦਾਨ ਸਾਬਤ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਿਸ਼ਨ ਦਾ ਉਦੇਸ਼ ਨਸ਼ਾ ਛੱਡ ਕੇ ਆਪਣਾ ਇਲਾਜ ਕਰਵਾ ਰਹੇ ਵਿਅਕਤੀਆਂ ਨੂੰ ਹੁਨਰ ਟਰੇਨਿੰਗ ਰਾਹੀਂ ਰੋਜ਼ਗਾਰ ਦੇ ਕਾਬਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਆਪਣਾ ਕੰਮ ਧੰਦਾ ਕਰਨ ਦਾ ਚਾਹਵਾਨ ਹੈ, ਉਸ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਚੱਲ ਰਹੀਆਂ ਵੱਖ-ਵੱਖ ਯੋਜਨਾਵਾਂ ਤਹਿਤ ਸਵੈ ਰੋਜ਼ਗਾਰ ਵਿੱਚ ਸਹਾਇਤਾ ਕੀਤੀ ਜਾਵੇਗੀ। ਅਪਨੀਤ ਰਿਆਤ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੋਡਲ ਅਫ਼ਸਰ ਹੋਣਗੇ। ਉਨ੍ਹਾਂ ਕਿਹਾ ਕਿ ਮਿਸ਼ਨ ਰਾਹੀਂ ਨਸ਼ਾ ਛੱਡ ਕੇ ਆਪਣਾ ਇਲਾਜ ਕਰਵਾ ਰਹੇ ਵਿਅਕਤੀ ਰੋਜ਼ਗਾਰ, ਸਵੈ ਰੋਜ਼ਗਾਰ ਪ੍ਰਾਪਤ ਕਰਕੇ ਆਪਣਾ ਭਵਿੱਖ ਸਵਾਰ ਕੇ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਸਕਦੇ ਹਨ।