ਸਖੀ ਵਨ ਸਟਾਪ ਸੈਂਟਰ’ ਵੱਲੋਂ ਸਰਕਾਰੀ ਆਈ. ਟੀ. ਆਈ ਵਿਖੇ ਜਾਗਰੂਕਤਾ ਸੈਮੀਨਾਰ


ਪ੍ਰਿੰਸੀਪਲ ਰਛਪਾਲ ਚੰਦੜ ਵੱਲੋਂ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲੀਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ
ਨਵਾਂਸ਼ਹਿਰ, 4 ਫਰਵਰੀ : (ਬਿਊਰੋ) ਜ਼ਿਲਾ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਕੰਪਲੈਕਸ ਨਵਾਂਸ਼ਹਿਰ ਵਿਖੇ ਚੱਲ ਰਹੇ 'ਸਖੀ ਵਨ ਸਟਾਪ ਸੈਂਟਰ' ਤੋਂ ਕੋਈ ਵੀ ਘਰੇਲੂ ਹਿੰਸਾ ਪੀੜਤ ਔਰਤ ਇਲਾਜ ਤੋਂ ਲੈ ਕੇ ਕਾਨੂੰਨੀ ਕਾਰਵਾਈ ਤੱਕ ਦੀ ਮਦਦ ਲੈ ਸਕਦੀ ਹੈ। ਇਹ ਜਾਣਕਾਰੀ ਸੈਂਟਰ ਐਡਮਨਿਸਟ੍ਰੇਟਰ ਐਡਵੋਕੇਟ ਮਨਜੀਤ ਕੌਰ ਨੇ ਸਰਕਾਰੀ ਆਈ. ਟੀ. ਆਈ (ਲੜਕੀਆਂ) ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ। ਉਨਾਂ ਕਿਹਾ ਕਿ 'ਸਖੀ ਵਨ ਸਟਾਪ ਸੈਂਟਰ' ਵਿਚ ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ, ਕਾਊਂਸਲਰ ਸਹਾਇਤਾ ਅਤੇ ਸ਼ੈਲਟਰ ਐਮਰਜੈਂਸੀ ਮੁਫ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਘਰੇਲੂ ਹਿੰਸਾ, ਕੁੱਟਮਾਰ, ਦਾਜ-ਦਹੇਜ, ਪਰਿਵਾਰਕ ਝਗੜੇ, ਘਰੋਂ ਕੱਢ ਦੇਣਾ, ਜਬਰ ਜਨਾਹ, ਛੇੜ-ਛਾੜ, ਦੁਰ ਵਿਵਹਾਰ , ਮਾਨਸਿਕ ਪ੍ਰੇਸ਼ਾਨੀ ਆਦਿ ਮਾਮਲਿਆਂ ਵਿਚ ਪੀੜਤ ਔਰਤਾਂ 01823-298522 ਉੱਤੇ ਫੋਨ ਕਰ ਕੇ ਵੀ ਮਦਦ ਲੈ ਸਕਦੀਆਂ ਹਨ। ਇਸ ਮੌਕੇ 'ਸਖੀ ਵਨ ਸਟਾਪ ਸੈਂਟਰ' ਸਬੰਧੀ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ। ਸੰਸਥਾ ਦੇ  ਪ੍ਰਿੰਸੀਪਲ ਸ੍ਰੀ ਰਛਪਾਲ ਚੰਦੜ ਵੱਲੋਂ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲੀਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨੀਲਮ ਰਾਣੀ, ਪਿ੍ਰਆ, ਰਣਜੀਤ ਕੌਰ, ਅਮਨਦੀਪ ਕੌਰ, ਅੰਜਨਾ ਕੁਮਾਰੀ, ਸਰਬਜੀਤ, ਪੂਜਾ ਸ਼ਰਮਾ, ਅਮਰ ਬਹਾਦਰ, ਗਣੇਸ਼, ਜਸਬੀਰ ਕੌਰ ਆਦਿ ਹਾਜ਼ਰ ਸਨ।  
ਕੈਪਸ਼ਨ :- ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸੈਂਟਰ ਐਡਮਨਿਸਟ੍ਰੇਟਰ ਐਡਵੋਕੇਟ ਮਨਜੀਤ ਕੌਰ। ਨਾਲ ਹਨ ਪ੍ਰਿੰਸੀਪਲ ਸ੍ਰੀ ਰਛਪਾਲ ਚੰਦੜ ਤੇ ਹੋਰ ਮਹਿਮਾਨ।