ਪੀਣ ਵਾਲੇ ਪਾਣੀ ਦੀ ਜਾਂਚ ਲਈ ਅੰਮਿ੍ਰਤਸਰ ਵਿਚ ਰਾਜ ਦੀ ਤੀਸਰੀ ਅਤਿ ਆਧੁਨਿਕ ਲੈਬਾਰਟਰੀ ਸ਼ੁਰੂ


ਪਾਣੀ ਵਿਚ ਮਿਲਦੀਆਂ ਭਾਰੀ ਧਾਤਾਂ ਤੇ ਬੈਕਟਰੀਆ ਦਾ ਪਤਾ ਲਗਾਉਣ ਦੇ ਸਮਰੱਥ ਹੈ ਲੈਬ
ਅੰਮਿ੍ਰਤਸਰ, 4 ਫਰਵਰੀ (ਬਿਊਰੋ)-ਰਾਜ ਦੇ ਨਾਗਰਿਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਦੇਣ ਦੇ ਇਰਾਦੇ ਨਾਲ ਪੰਜਾਬ ਸਰਕਾਰ ਨੇ ਅੰਮਿ੍ਰਤਸਰ ਵਿਚ ਪੀਣ ਵਾਲੇ ਪਾਣੀ ਦੀ ਜਾਂਚ ਲਈ ਅਤਿ ਆਧੁਨਿਕ ਲੈਬਾਰਟੀ ਕਾਇਮ ਕਰ ਦਿੱਤੀ ਹੈ, ਜਿੱਥੇ ਕਿ ਪਾਣੀ ਦੀਆਂ ਹਰ ਤਰਾਂ ਦੀਆਂ ਅਸ਼ੁਧੀਆਂ ਦੀ ਜਾਂਚ ਕੀਤੀ ਜਾਂਦੀ ਹੈ। ਉਕਤ ਪ੍ਰਗਟਾਵਾ ਕਰਦੇ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਸ. ਜਸਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਹ ਰਾਜ ਦੀ ਤੀਸਰੀ ਅਜਿਹੀ ਲੈਬਾਰਟਰੀ ਹੈ, ਜਿੱਥੇ ਪੀਣ ਵਾਲੀ ਪਾਣੀ ਦੀ ਜਾਂਚ ਬੜੇ ਅਤਿ ਅਧੁਨਿਕ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਟਿਆਲਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਅਜਿਹੀਆਂ ਲੈਬਾਰਟਰੀਆਂ ਕਾਇਮ ਕੀਤੀਆਂ ਜਾ ਚੁੱਕੀਆਂ ਹਨ। ਸ. ਚਾਹਲ ਨੇ ਦੱਸਿਆ ਕਿ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ  ਇਹ ਲੈਬਾਰਟਰੀ  ਤਿਆਰ ਕੀਤੀ  ਗਈ ਹੈ ਅਤੇ ਇਸ ਵਿਚ ਪਾਣੀ ਦੀ ਪਰਖ ਲਈ ਸਾਢੇ ਤਿੰਨ ਕਰੋੜ ਰੁਪਏ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ, ਜੋ ਕਿ ਪੀਣ ਵਾਲੇ ਪਾਣੀ ਦੀ ਹਰ ਚੰਗੀ-ਮਾੜੀ ਮਿਲਾਵਟ ਨੂੰ ਫੜਨ ਦੀ ਸਮਰੱਥਾ ਰੱਖਦੀ ਹੈ। ਸ. ਚਾਹਲ ਨੇ ਦੱਸਿਆ ਕਿ ਅੰਮਿ੍ਰਤਸਰ ਸ਼ਹਿਰ ਦੇ ਜੌੜਾ ਫਾਟਕ ਨੇੜੇ ਲਗਾਈ ਗਈ ਇਹ ਲੈਬਾਰਟਰੀ ਪਿੰਡਾਂ ਤੇ ਸ਼ਹਿਰਾਂ ਵਿਚ ਬਣ ਰਹੀਆਂ ਪਾਣੀ ਦੀ ਟੈਂਕੀਆਂ, ਲਗਾਏ ਜਾ ਰਹੇ ਨਲਕਿਆਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਅਤੇ ਹੋਰ ਜਨਤਕ ਥਾਵਾਂ ਉਤੇ ਵਰਤੇ ਜਾਂਦੇ ਪਾਣੀ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਜਿਲਾ ਦਾ ਕੋਈ ਵੀ ਵਾਸੀ ਇਸ ਲੈਬਾਬਰਟੀ ਤੋਂ ਆਪਣੇ ਘਰ ਪੀਤੇ ਜਾ ਰਹੇ ਪਾਣੀ ਦੀ ਜਾਂਚ ਕਰਵਾ ਸਕਦਾ ਹੈ, ਤਾਂ ਜੋ ਪਾਣੀ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨਾਂ ਦੱਸਿਆ ਕਿ ਇਹ ਲੈਬਾਰਟਰੀ ਪਾਣੀ ਵਿਚ ਮਿਲੀਆਂ ਭਾਰੀਆਂ ਧਾਤਾਂ, ਜਿਵੇਂ ਕਿ ਅਰਸੈਨਿਕ, ਅਲਮੂਨੀਅਮ, ਸਿੱਕਾ, ਹਰ ਤਰਾਂ ਦੇ ਬੈਕਟਰੀਆ ਆਦਿ ਦਾ ਪਤਾ ਲਗਾਉਣ ਦੇ  ਸਮਰੱਥ ਹੈ। ਸ. ਚਾਹਲ ਨੇ ਦੱਸਿਆ ਕਿ ਫਿਲਹਾਲ ਇਸ ਲੈਬਾਰਟਰੀ ਦੀ ਸਮਰੱਥਾ 1200 ਨਮੂਨੇ ਪ੍ਰਤੀ ਮਹੀਨਾ ਪਰਖ ਕਰ ਸਕਣ ਦੀ ਹੈ, ਜਿਸ ਨੂੰ ਭਵਿੱਖ ਵਿਚ ਵਧਾਇਆ ਵੀ ਜਾ ਸਕੇਗਾ।