ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਦੇ ਲੰਗੜੋਆ ਬਾਈਪਾਸ ਨਵਾਂਸ਼ਹਿਰ ਉੱਤੇ ਲਗਾਇਆ ਤਿੰਨ ਘੰਟੇ ਜਾਮ


ਨਵਾਂਸ਼ਹਿਰ 6 ਫਰਵਰੀ (ਬਿਊਰੋ) ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉੱਤੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ  12 ਵਜੇ ਤੋਂ 3 ਵਜੇ ਤੱਕ ਲੰਗੜੋਆ ਬਾਈਪਾਸ ਨਵਾਂਸ਼ਹਿਰ ਉੱਤੇ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਜਾਮ ਲਗਾਇਆ ਗਿਆ। ਇਸ ਮੌਕੇ ਭਾਰੀ ਇਕੱਠ ਵਿਚ  ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਦਲਜੀਤ ਸਿੰਘ ਐਡਵੋਕੇਟ, ਗੁਰਬਖਸ਼ ਕੌਰ ਸੰਘਾ, ਜਸਬੀਰ ਦੀਪ, ਡਾਕਟਰ ਦਿਲਦਾਰ ਸਿੰਘ, ਜਸਵੀਰ ਕੌਰ ਸੌਨਾ, ਮੱਖਣ ਸਿੰਘ ਭਾਨਮਜਾਰਾ, ਜਰਨੈਲ ਸਿੰਘ ਖਾਲਸਾ, ਰਾਜ ਕੁਮਾਰ ਮਾਹਲ ਖੁਰਦ ਸਤਿੰਦਰ ਕੌਰ ਸਕੋਹ ਪੁਰ, ਜਸਵੀਰ ਕੌਰ ਸਾਉਨਾ, ਰਣਜੀਤ ਕੌਰ ਮਹਿਮੂਦ ਪੁਰ, ਸ਼ਕੁੰਤਲਾ ਦੇਵੀ  ਆਦਿ ਬੁਲਾਰਿਆਂ  ਨੇ ਸੰਬੋਧਨ ਕਰਦਿਆਂ ਕਿਹਾ ਕਿ  ਇਸ ਚੱਕਾ ਜਾਮ  ਵਿਚ ਕਿਸਾਨਾਂ ਦੇ ਨਾਲ ਮਜਦੂਰ , ਔਰਤਾਂ, ਵਿਦਿਆਰਥੀ, ਡਾਕਟਰ, ਨੌਜਵਾਨ, ਮੁਲਾਜ਼ਮ, ਟਰਾਂਸਪੋਰਟਰ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਡੀ ਪੱਧਰ ਉੱਤੇ ਸ਼ਾਮਲ ਹੋਈਆਂ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ 26ਜਨਵਰੀ ਨੂੰ ਦਿੱਲੀ ਵਿਚ ਆਪਣੇ ਖੁਫੀਆ ਤੰਤਰ, ਆਰ.ਐਸ. ਐਸ ਦੇ ਕਾਰਕੁਨਾਂ, ਸਰਕਾਰ ਦੇ ਹੱਥ-ਠੋਕਿਆਂ, ਕਿਸਾਨੀ ਸ਼ੰਘਰਸ਼ ਦੇ ਗੱਦਾਰਾਂ ਰਾਹੀਂ ਕਿਸਾਨੀ  ਅੰਦੋਲਨ ਨੂੰ ਸੱਟ ਮਾਰੀ ਸੀ ਪਰ ਲੋਕਾਂ ਨੇ ਸਭ ਸਰਕਾਰੀ ਸਾਜਿਸ਼ਾਂ ਨੂੰ ਦਰਕਿਨਾਰ ਕਰਦਿਆਂ ਇਸ ਘੋਲ ਵਿਚ ਨਵੀਂ ਰੂਹ ਪਾ ਦਿੱਤੀ ਹੈ। ਇਸ ਕਿਸਾਨੀ ਘੋਲ ਵਿਚ ਲੋਕਾਂ ਦਾ ਜੋਸ਼ ਹੋਰ ਵੀ ਤਿੱਖਾ ਹੋਇਆ ਹੈ। ਹੁਣ ਮੋਦੀ ਸਰਕਾਰ ਹੱਥ ਪੈਰ ਮਾਰਦਿਆਂ ਹਾਰੀ ਜਾ ਚੁੱਕੀ ਲੜਾਈ ਲੜ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਸਿਰੇ ਦੀ ਝੂਠੀ ਅਤੇ ਫਰੇਬੀ ਸਰਕਾਰ ਹੈ ਜਿਸਦੇ ਮੰਤਰੀ ਰੋਜ਼ ਨਵੇਂ ਨਵੇਂ ਝੂਠ ਬੋਲਦੇ ਹਨ ਪਰ ਕਿਸਾਨ ਇਹਨਾਂ ਦੀ ਅਸਲੀਅਤ ਜਾਣ ਚੁੱਕੇ ਹਨ। ਇਸ ਸ਼ੰਘਰਸ਼  ਨੂੰ ਕੌਮਾਂਤਰੀ ਹਸਤੀਆਂ ਨੇ ਆਪਣਾ ਸਮਰਥਨ ਦੇਕੇ ਸਮੁੱਚੀ ਦੁਨੀਆ ਵਿਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਘਟੀਆ ਨੀਤੀਆਂ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਹੈ। ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਗਰਮੀਆਂ ਕੀਤੀਆਂ ਜਾਣ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਚ ਚੱਲ ਰਹੇ ਕਿਸਾਨ ਮੋਰਚੇ ਵਿਚ ਵੱਧ ਤੋਂ ਵਧ ਗਿਣਤੀ ਵਿਚ ਪਹੁੰਚਿਆ ਜਾਵੇ। ਇਸ ਮੌਕੇ ਗਾਇਕ ਬੰਸੀ ਬਰਨਾਲਾ, ਹਰਜਿੰਦਰ ਮੰਨਾ ਬਲਾਚੌਰ, ਸੁਰੇਸ਼ ਕੁਮਾਰ ਧੀਰ ਨੇ ਗੀਤ ਪੇਸ਼ ਕੀਤੇ। ਇਸ ਮੌਕੇ ਪਰਮਜੀਤ ਸਿੰਘ ਸ਼ਹਾਬਪੁਰ, ਪਾਖਰ ਸਿੰਘ ਅਸਮਾਨ ਪੁਰ, ਬਿੱਕਰ ਸਿੰਘ ਸ਼ੇਖੂਪੁਰ, ਸੁਰਿੰਦਰ ਸਿੰਘ ਮਹਿਰਮਪੁਰ, ਗੁਰਦਿਆਲ ਰੱਕੜ ਆਗੂਆਂ ਤੋਂ ਇਲਾਵਾ ਨਵਾਂਸ਼ਹਿਰ ਇਲਾਕੇ ਦੇ ਕਿਸਾਨ, ਮਜ਼ਦੂਰ  ਔਰਤਾਂ, ਵਿਦਿਆਰਥੀ, ਡਾਕਟਰ, ਨੌਜਵਾਨ, ਮੁਲਾਜ਼ਮ, ਟਰਾਂਸਪੋਰਟਰ, ਧਾਰਮਿਕ ਅਤੇ ਸਮਾਜਿਕ ਕਾਰਕੁੰਨ ਚੱਕਾ ਜਾਮ ਕਰਨ ਲਈ ਪੁੱਜੇ ਸਨ।
ਫੋਟੋ ਕੈਪਸ਼ਨ :- ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉੱਤੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ  ਲੰਗੜੋਆ ਬਾਈਪਾਸ ਨਵਾਂਸ਼ਹਿਰ ਕੀਤੇ ਚੱਕਾ ਜਾਮ ਦੀਆਂ ਝਲਕੀਆਂ