ਨਸ਼ਾ ਮੁਕਤੀ ਕੇਂਦਰ ਸਰਕਾਰੀ ਹਸਪਤਾਲ ਦਸੂਹਾ ਅਤੇ ਸਰਕਾਰੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੁਬਾਰਾ ਹੋਇਆ ਸ਼ੁਰੂ

ਸਰਕਾਰੀ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ 'ਚ ਨਸ਼ਾਖੋਰੀ ਦੇ ਮਰੀਜ਼ਾਂ ਦਾ ਕੀਤਾ ਜਾਂਦਾ ਹੈ ਮੁਫ਼ਤ ਇਲਾਜ : ਡਾ. ਹਰਬੰਸ ਕੌਰ

ਹੁਸ਼ਿਆਰਪੁਰ, 12 ਫਰਵਰੀ :(ਚੀਫ ਬਿਊਰੋ) ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੋਸਾਇਟੀ ਹੁਸ਼ਿਆਰਪੁਰ ਅਪਨੀਤ ਰਿਆਤ ਦੇ ਹੁਕਮਾਂ 'ਤੇ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਫਤਿਹਗੜ੍ਹ ਹੁਸ਼ਿਆਰਪੁਰ ਅਤੇ ਨਸ਼ਾ ਮੁਕਤੀ ਕੇਂਦਰ ਸਰਕਾਰੀ ਹਸਪਤਾਲ ਦਸੂਹਾ ਵਿੱਚ ਜਨਤਕ ਹਿੱਤਾਂ ਨੂੰ ਦੇਖਦੇ ਹੋਏ ਮਰੀਜ਼ਾਂ ਨੂੰ ਦੁਬਾਰਾ ਦਾਖਲ ਕੀਤਾ ਜਾ ਰਿਹਾ ਹੈ, ਤਾਂ ਜੋ ਨਸ਼ਾਖੋਰੀ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ। ਜਾਣਕਾਰੀ ਦਿੰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦੇ ਇਨ੍ਹਾਂ ਕੇਂਦਰਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਇਨ੍ਹਾਂ ਕੇਂਦਰਾਂ ਵਿੱਚ ਨਸ਼ਾ ਮੁਕਤੀ ਸੇਵਾਵਾਂ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਥੇ ਮਰੀਜ਼ਾਂ ਦਾ ਇਲਾਜ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਿਯਮਾਂ ਅਨੁਸਾਰ ਸਿਹਤ ਵਿਭਾਗ ਦੇ ਸਟਾਫ ਦੀ ਸਿੱਧੀ ਦੇਖ-ਰੇਖ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਦੌਰਾਨ ਸੀਨੀਅਰ ਮੈਡੀਕਲ ਅਧਿਕਾਰੀ ਡਾ. ਪੁਰੀ, ਸਿਵਲ ਹਸਪਤਾਲ ਦਸੂਹਾ ਦੇ ਮਨੋਰੋਗ ਮਾਹਿਰ ਡਾ. ਹਰਜੀਤ ਸਿੰਘ, ਡਾ. ਦਵਿੰਦਰ ਸਿੰਘ, ਮੈਨੇਜਰ ਨਿਸ਼ਾ ਰਾਣੀ ਅਤੇ ਹੋਰ ਸਟਾਫ ਦੀ ਹਾਜ਼ਰੀ ਵਿੱਚ ਕੇਂਦਰ ਦੀ ਦੁਬਾਰਾ ਸ਼ੁਰੂਆਤ ਕੀਤੀ ਗਈ। ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿੱਚ ਮਨੋਰੋਗ ਮਾਹਿਰ ਡਾ. ਰਾਜ ਕੁਮਾਰ, ਸਰਕਾਰੀ ਹਸਪਤਾਲ ਦਸੂਹਾ ਵਿੱਚ ਮਨੋਰੋਗ ਮਾਹਿਰ ਡਾ. ਹਰਜੀਤ ਸਿੰਘ, ਮੁਕੇਰੀਆਂ ਵਿੱਚ ਮਨੋਰੋਗ ਮਾਹਿਰ ਡਾ. ਸਤਵੀਰ ਸਿੰਘ ਦੀ ਦੇਖ-ਰੇਖ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਬਹੁਤ ਹੀ ਅਨੁਭਵੀ ਕਾਉਂਸਲਰ ਮਰੀਜ ਦੀ ਵਿਅਕਤੀਗਤ ਕਾਉਂਸਲਿੰਗ, ਪਰਿਵਾਰਕ ਕਾਉਂਸਲਰ, ਅਧਿਆਤਮਿਕ ਕਾਉਂਸਲਰ, ਮੈਡੀਟੇਸ਼ਨ, ਧਿਆਨ ਕਿਰਿਆ, ਖੇਡ, ਮਨੋਰੰਜਨ, 24 ਘੰਟੇ ਬਿਜਲੀ ਪਾਣੀ ਦੀ ਵਧੀਆਂ ਸਹੂਲਤ, ਇਸ ਤੋਂ ਇਲਾਵਾ ਇਥੇ ਸੀ.ਸੀ.ਟੀ.ਬੀ ਦਾ ਪ੍ਰਬੰਧ ਹੈ ਅਤੇ ਸੁਰੱਖਿਆ ਦੇ ਲਈ ਪੈਸਕੋ ਸੁਰੱਖਿਆ ਬਲ ਵੀ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਦੇ ਲਈ ਜ਼ਿਲ੍ਹਾ ਹੈਲਪ ਲਾਈਨ ਨੰਬਰ 01882-244636 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿੱਚ ਮੈਡੀਕਲ ਅਫ਼ਸਰ ਕਮ ਨੋਡਲ ਅਫ਼ਸਰ ਓ.ਓ.ਏ.ਟੀ. ਡਾ. ਗੁਰਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ।