ਪ੍ਰਵੀਨ ਥਿੰਦ ਜਨਰਲ ਅਬਜ਼ਰਵਰ ਤੇ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਪੁਲਿਸ ਅਬਜ਼ਰਵਰ ਲਾਏ


ਪਟਿਆਲਾ, 2 ਫ਼ਰਵਰੀ- (ਬਿਊਰੋ) ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ ਨਾਭਾ, ਸਮਾਣਾ, ਪਾਤੜਾਂ ਅਤੇ ਰਾਜਪੁਰਾ ਦੇ 92 ਵਾਰਡਾਂ ਲਈ 190 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ 'ਚ ਸ਼ਾਂਤੀਪੂਰਣ ਮਤਦਾਨ ਲਈ ਲੋੜੀਂਦੀ ਗਿਣਤੀ 'ਚ ਚੋਣ ਅਮਲੇ ਅਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿਤ ਨੇ ਅੱਜ ਇਨ੍ਹਾਂ ਚੋਣਾਂ ਲਈ ਲਾਏ ਗਏ ਜਨਰਲ ਅਬਜ਼ਵਰ ਪ੍ਰਵੀਨ ਥਿੰਦ ਆਈ ਏ ਐਸ ਅਤੇ ਪੁਲਿਸ ਅਬਜ਼ਰਵਰ ਗੁਰਿੰਦਰ ਸਿੰਘ ਢਿੱਲੋਂ ਆਈ ਪੀ ਐਸ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ। ਸ੍ਰੀ ਢਿੱਲੋਂ ਅਤੇ ਸ੍ਰੀ ਥਿੰਦ ਨੇ ਮੀਟਿੰਗ 'ਚ ਮੌਜੂਦ ਸਮੂਹ ਅਧਿਕਾਰੀਆਂ ਨੂੰ ਨਗਰ ਕੌਂਸਲ ਚੋਣ ਪ੍ਰਕਿਰਿਆ ਹਰ ਹਾਲ 'ਚ ਸ਼ਾਂਤੀਪੂਰਣ ਢੰਗ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ। ਦੋਵਾਂ ਅਧਿਕਾਰੀਆਂ ਨੇ ਇਨ੍ਹਾਂ ਚੋਣਾਂ ਦੇ ਰਿਟਰਨਿੰਗ ਅਫ਼ਸਰਾਂ (ਐਸ ਡੀ ਐਮਜ਼) ਅਤੇ ਡੀ ਐਸ ਪੀਜ਼ ਨੂੰ ਸਮੂਹ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਨਾਲ ਪੂਰਾ ਤਾਲਮੇਲ ਬਣਾ ਕੇ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਸ਼ਾਂਤੀਪੂਰਣ ਮਾਹੌਲ 'ਚ ਮੁਕੰਮਲ ਕਰਨੀ ਯਕੀਨੀ ਬਣਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਚੋਣਾਂ ਈ ਵੀ ਐਮਜ਼ ਰਾਹੀਂ ਹੋਣਗੀਆਂ, ਜਿਸ ਤਹਿਤ ਈ ਵੀ ਐਮਜ਼ ਦੀ ਪਹਿਲੀ ਰੈਂਡੇਮਾਈਜ਼ੇਸ਼ਨ 28 ਜਨਵਰੀ ਨੂੰ ਕਰ ਲਈ ਗਈ ਹੈ ਜਦਕਿ ਦੂਸਰੀ ਰੈਂਡੇਮਾਈਜ਼ੇਸ਼ਨ 8 ਫ਼ਰਵਰੀ ਨੂੰ ਹੋਵੇਗੀ। ਇਸੇ ਤਰ੍ਹਾਂ ਚੋਣ ਅਮਲੇ ਦੀ ਪਹਿਲੀ ਰੀਹਰਸਲ ਅੱਜ ਕਰਵਾਈ ਗਈ ਜਦਕਿ ਦੂਸਰੀ ਰੀਹਰਸਲ 8 ਫ਼ਰਵਰੀ ਨੂੰ ਹੋਵੇਗੀ। ਚੋਣ ਅਮਲੇ ਦੀ ਪੋਲਿੰਗ ਬੂਥਾਂ 'ਤੇ ਰਵਾਨਗੀ 13 ਫ਼ਰਵਰੀ ਨੂੰ ਰੀਹਰਸਲਾਂ ਵਾਲੀਆਂ ਥਾਂਵਾਂ ਤੋਂ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਭਲਕੇ 3 ਫ਼ਰਵਰੀ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਜਦਕਿ ਪੜਤਾਲ 4 ਫ਼ਰਵਰੀ ਨੂੰ ਰੱਖੀ ਗਈ ਹੈ। ਵਾਪਸੀ 5 ਫ਼ਰਵਰੀ ਤੱਕ ਹੋ ਸਕਦੀ ਹੈ। ਮਤਦਾਨ 14 ਫ਼ਰਵਰੀ ਨੂੰ, ਗਿਣਤੀ 17 ਫ਼ਰਵਰੀ ਨੂੰ ਹੋਵੇਗੀ। ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੋਲਿੰਗ ਬੂਥਾਂ ਨੂੰ ਅਤਿ ਸੰਵੇਦਨਸ਼ੀਲ, ਸੰਵੇਦਨਸ਼ੀਲ ਅਤੇ ਆਮ ਸ੍ਰੇਣੀ 'ਚ ਸ਼ਨਾਖ਼ਤ ਕਰਕੇ, ਸੁਰੱਖਿਆ ਇੰਤਜ਼ਾਮਾਤ ਕੀਤੇ ਗਏ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਣ ਮਾਹੌਲ 'ਚ ਨੇਪਰੇ ਚੜ੍ਹਨ। ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਐਸ ਡੀ ਐਮ ਚਰਨਜੀਤ ਸਿੰਘ, ਨਮਨ ਮੜਕਨ, ਕਾਲਾ ਰਾਮ ਕਾਂਸਲ, ਨਾਇਬ ਤਹਿਸੀਲਦਾਰ ਪਾਤੜਾਂ ਰਾਜ ਬਰਿੰਦਰ ਸਿੰਘ ਧਨੋਆ, ਡੀ ਐਸ ਪੀ ਗੁਰਦੇਵ ਸਿੰਘ ਧਾਲੀਵਾਲ, ਰਾਜੇਸ਼ ਛਿੱਬੜ ਡੀ ਐਸ ਪੀ ਨਾਭਾ, ਜਸਵੰਤ ਸਿੰਘ ਮਾਂਗਟ ਡੀ ਐਸ ਪੀ ਸਮਾਣਾ ਤੇ ਹੋਰ ਅਧਿਕਾਰੀ ਮੌਜੂਦ ਸਨ।