ਨਗਰ ਕੌਂਸਲ ਚੋਣਾਂ, ਨਾਮਜ਼ਦਗੀਆਂ ਦੇ ਤੀਜੇ ਦਿਨ 297 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

ਹੁਣ ਤੱਕ 414 ਉਮੀਦਵਾਰਾਂ ਨੇ ਭਰੇ ਕਾਗਜ
ਰਾਜਪੁਰਾ/ਨਾਭਾ/ਸਮਾਣਾ/ਪਾਤੜਾਂ/ਪਟਿਆਲਾ, 2 ਫਰਵਰੀ: ਵਧੀਕ ਜ਼ਿਲ੍ਹਾ ਚੋਣ ਅਫ਼ਸਰ  ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਗਰ ਕੌਂਸਲ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਤੀਜੇ ਦਿਨ ਰਿਟਰਨਿੰਗ ਅਫ਼ਸਰਾਂ-ਕਮ-ਉਪ ਮੰਡਲ ਮੈਜਿਸਟ੍ਰੇਟ ਕੋਲ 297 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਅਤੇ ਹੁਣ ਤੱਕ ਕੁੱਲ 414 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਤੀਜੇ ਦਿਨ ਰਿਟਰਨਿੰਗ ਅਫ਼ਸਰ ਸਮਾਣਾ ਕੋਲ 57 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ ਅਤੇ ਹੁਣ ਤੱਕ ਸਮਾਣਾ ਨਗਰ ਕੌਸਲ ਵਿਖੇ 104 ਨਾਮਜ਼ਦਗੀਆਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਰਿਟਰਨਿੰਗ ਅਫ਼ਸਰ ਨਾਭਾ ਕੋਲ ਅੱਜ 80 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ ਜਦਕਿ ਹੁਣ ਤੱਕ 117 ਉਮੀਦਵਾਰਾਂ ਵੱਲੋਂ ਕਾਗਜ ਭਰੇ ਗਏ ਹਨ।  ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰ ਰਾਜਪੁਰਾ ਕੋਲ ਅੱਜ 93 ਤੇ ਹੁਣ ਤੱਕ 119 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਰਿਟਰਨਿੰਗ ਅਫ਼ਸਰ ਪਾਤੜਾਂ ਕੋਲ ਅੱਜ 67 ਨਾਮਜ਼ਦਗੀ ਪੱਤਰ ਤੇ ਹੁਣ ਤੱਕ 74 ਉਮੀਦਵਾਰਾਂ ਵੱਲੋਂ ਕਾਗਜ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਕੰਮਰਾ ਨੰਬਰ 1 'ਚ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ, ਜਿਸ ਦਾ ਟੈਲੀਫੋਨ ਨੰਬਰ 0175-2311306 ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿਖੇ ਵੀ ਉਪ ਮੰਡਲ ਮੈਜਿਸਟਰੇਟ ਦਫ਼ਤਰ ਰਾਜਪੁਰਾ ਦੇ ਕਮਰਾ ਨੰਬਰ 102 'ਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਦਾ ਨੰਬਰ 01762-223000 ਹੈ।