ਕਰਨਾਲ ਜੇਲ ਵਿਚ ਬੰਦ ਮਜਦੂਰ ਆਗੂ ਨੌਦੀਪ ਕੌਰ ਦੀ ਰਿਹਾਈ ਲਈ ਮੁਜਾਹਰਾ ਕੱਲ


ਨਵਾਂਸ਼ਹਿਰ 9 ਫਰਵਰੀ (ਐਨ ਟੀ ਟੀਮ)  ਮਜਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਨੂੰ ਹਰਿਆਣਾ ਪੁਲਸ ਵਲੋਂ ਗ੍ਰਿਫਤਾਰ ਕਰਕੇ ਪੁਲਸ ਹਿਰਾਸਤ ਵਿਚ  ਜਬਰ ਢਾਹੁਣ ਦੇ ਵਿਰੋਧ ਵਿਚ ਅਤੇ ਉਸਦੀ ਰਿਹਾਈ ਲਈ ਨਵਾਂਸ਼ਹਿਰ ਦੀਆਂ ਜਥੇਬੰਦੀਆਂ  ਵਲੋਂ 11 ਫਰਵਰੀ ਨੂੰ ਨਵਾਂਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਅੱਜ ਇੱਥੇ ਜਥੇਬੰਦੀਆਂ ਦੀ ਮੀਟਿੰਗ ਹੋਈ।ਮੀਟਿੰਗ ਉਪ੍ਰੰਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਹਰਿਆਣਾ ਪੁਲਸ ਨੇ ਨੌਦੀਪ ਕੌਰ ਵਿਰੁੱਧ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਝੂਠਾ ਕੇਸ ਦਰਜ ਕੀਤਾ ਹੈ।24 ਸਾਲਾ ਇਹ ਲੜਕੀ ਫੈਕਟਰੀ ਮਾਲਕਾਂ ਵਲੋਂ ਮਜਦੂਰਾਂ ਦੇ ਪੈਸੇ ਦੱਬਣ,ਉਜਰਤ ਦੇ ਘੱਟ ਪੈਸੇ ਦੇਣ ਦੇ ਵਿਰੁੱਧ ਸੰਘਰਸ਼ ਦੀ ਅਗਵਾਈ ਕਰਨ ਦੇ ਨਾਲ ਨਾਲ ਦਿੱਲੀ ਵਿਚ ਖੇਤੀ ਕਾਨੂੰਨਾਂ ਵਿਰੁੱਧ ਚੱਲਦੇ ਕਿਸਾਨ ਸੰਘਰਸ਼ ਦੀ ਹਮਾਇਤ ਲਈ ਮਜਦੂਰਾਂ ਨੂੰ ਜਥੇਬੰਦ ਕਰਦੀ ਸੀ।ਇਸ ਲਈ ਹਰਿਆਣਾ ਪੁਲਸ ਵਲੋਂ ਉਸਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀਆਂ ਜਥੇਬੰਦੀਆਂ ਸਮਝਦੀਆਂ ਹਨ ਕਿ ਹਰਿਆਣਾ ਪੁਲਸ ਇਸ ਲੜਕੀ ਨਾਲ ਵਧੀਕੀ ਕਰ ਰਹੀ ਹੈ। ਉਹਨਾਂ ਨੇ ਪੁਲਸ ਉੱਤੇ ਲੜਕੀ ਨਾਲ ਯੌਨ ਉਤਪੀੜਨ ਦੇ ਵੀ ਦੋਸ਼ ਲਾਏ। ਇਸ ਮੀਟਿੰਗ ਵਿਚ ਡੈਮੋਕ੍ਰੇਟਿਕ ਲਾਇਲਜ ਐਸੋਸੀਏਸ਼ਨ ਦੇ ਸੂਬਾਈ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਜਮਹੂਰੀ ਅਧਿਕਾਰ ਸਭਾ ਦੇ ਬੂਟਾ ਸਿੰਘ ਅਤੇ ਜਸਬੀਰ ਦੀਪ, ਇਫਟੂ ਦੇ ਆਗੂ ਗੁਰਦਿਆਲ ਰੱਕੜ, ਇਸਤਰੀ ਜਾਗ੍ਰਿਤੀ ਮੰਚ ਦੇ ਗੁਰਬਖਸ਼ ਕੌਰ ਸੰਘਾ, ਰੁਪਿੰਦਰਪਾਲ ਕੌਰ ਅਤੇ ਰਾਜਵਿੰਦਰ ਕੌਰ, ਤਰਕਸ਼ੀਲ ਸੁਸਾਇਟੀ ਦੇ ਸਤਪਾਲ ਸਲੋਹ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਵੜੈਚ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ, ਸੁਰਿੰਦਰ ਸਿੰਘ ਮਹਿਰਮਪੁਰ, ਬਿੱਕਰ ਸਿੰਘ, ਅੰਬੇਡਕਰ ਮਿਸ਼ਨ ਸੁਸਾਇਟੀ ਦੀ ਆਗੂ ਸਿਮਰਨਜੀਤ ਸਿੰਮੀ ਮੌਜੂਦ ਸਨ।
ਫੋਟੋ ਕੈਪਸ਼ਨ: 11 ਫਰਵਰੀ ਦੇ ਰੋਸ ਪ੍ਰਦਰਸ਼ਨ ਸਬੰਧੀ ਗੱਲਬਾਤ ਕਰਦੇ ਹੋਏ ਆਗੂ।