ਅੰਮਿ੍ਰਤਸਰ, 6 ਫਰਵਰੀ: (ਬਿਊਰੋ) ਪਿੰਡ ਜਗਦੇਵ ਕਲਾਂ ਅਤੇ ਮੱਲੂਨੰਗਲ ਵਿਖੇ ਸਰਕਾਰ ਵੱਲੋਂ ਸਾਲਿਡ ਵੇਸਟ ਮੈਨੈਜਮੈਂਟ ਪ੍ਰਾਜੈਕਟ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਨਾਲ ਪਿੰਡਾਂ ਵਿੱਚ ਲੱਗੀਆਂ ਰੂੜੀਆਂ ਨੂੰ ਖਤਮ ਕੀਤਾ ਜਾਵੇਗਾ ਅਤੇ ਘਰ ਘਰ ਤੋਂ ਕੂੜਾ ਕਰਕਟ ਇਕੱਠਾ ਕਰਕੇ ਸਾਲਿਡ ਵੇਸਟ ਮੈਨੈਜਮੈਂਟ ਪ੍ਰਾਜੈਕਟ ਤਹਿਤ ਹਰ ਪਿੰਡ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ। ਇਨਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲਾ ਪ੍ਰੀਸ਼ਦ ਨੇ ਖੰਨਾ ਪੇਪਰ ਮਿਲ ਦੇ ਸਹਿਯੋਗ ਨਾਲ ਬਲਾਕ ਹਰਸ਼ਾ ਛੀਨਾ ਨੂੰ ਪਿੰਡ ਦੀ ਸਾਫ ਸਫਾਈ ਅਤੇ ਹਰਿਆ ਭਰਿਆ ਬਣਾਉਣ ਲਈ 4000 ਡਸਟਬਿਨ, 20 ਰੇਹੜੀਆਂ ਸੁੱਕਾ ਤੇ ਗਿੱਲਾ ਕੂੜਾ ਇਕੱਠਾ ਕਰਨ ਲਈ ਅਤੇ 5000 ਪੌਦੇ ਭੇਂਟ ਕਰਨ ਸਮੇਂ ਕੀਤਾ। ਸ੍ਰ ਸਰਕਾਰੀਆ ਨੇ ਕਿਹਾ ਕਿ ਕੈਬਨਿਟ ਮੰਤਰੀ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਹਰ ਘਰ ਪਾਣੀ ਅਤੇ ਹਰ ਘਰ ਸਫਾਈ ਮੁਹਿੰਮ ਤਹਿਤ ਪਿੰਡਾਂ ਨੂੰ ਪੀਣ ਲਈ ਸਾਫ ਤੇ ਸਵੱਛ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਸ੍ਰ ਸਰਕਾਰੀਆ ਨੇ ਖੰਨਾ ਪੇਪਰ ਮਿਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਪੇਂਡੂ ਖੇਤਰਾਂ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਉਨਾਂ ਕਿਹਾ ਕਿ ਗੁਰੂ ਦੀ ਨਗਰੀ ਦੀ ਸਾਫ ਸਫਾਈ ਹੋਰ ਕਾਰਪੋਰੇਟ ਘਰਾਣਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਸ੍ਰ ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਕ ਫਰਵਰੀ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਹਰ ਘਰ ਪਾਣੀ ਤੇ ਹਰ ਘਰ ਸਫਾਈ ਨੂੰ ਪਿੰਡ ਪਿੰਡ ਤੱਕ ਪਹੁੰਚਾਇਆ ਜਾਵੇਗਾ। ਉਨਾਂ ਕਿਹਾ ਕਿ ਖੰਨਾ ਪੇਪਰ ਮਿਲ ਵੱਲੋਂ ਪਿੰਡਾਂ ਵਿੱਚ ਘਰੋਂ ਘਰੀ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਲਈ ਜੋ ਰੇਹੜੀਆਂ ਦਿੱਤੀਆਂ ਗਈਆਂ ਹਨ ਉਸ ਨਾਲ ਕਾਫੀ ਹੱਦ ਤੱਕ ਪਿੰਡਾਂ ਦੀ ਸਫਾਈ ਹੋ ਸਕੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਮੁੱਧਲ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਪਿੰਡਾਂ ਨੂੰ ਸਾਫ ਸੁਥਰਾ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਹਰ ਘਰ ਪਾਣੀ ਦਾ ਮੁੱਖ ਮੰਤਵ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਾ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਬੱਚਤ ਵੀ ਕਰਨ ਇਹ ਕੁਦਰਤ ਦਾ ਅਨਮੋਲ ਸੋਮਾ ਹੈ। ਇਸ ਮੌਕੇ ਖੰਨਾ ਪੇਪਰ ਮਿਲ ਦੇ ਮੈਨੇਜਿੰਗ ਟਰੱਸਟੀ ਸ੍ਰੀ ਸੁਨੀਤ ਕੋਛੜ ਨੇ ਕਿਹਾ ਕਿ ਖੰਨਾ ਪੇਪਰ ਮਿਲ ਵੱਲੋਂ ਮਡਾਡ ਚੈਰੀਟੇਬਲ ਫਾਉਂਡੇਸ਼ਨ ਦਾ 2011 ਵਿੱਚ ਗਠਨ ਕੀਤਾ ਗਿਆ ਸੀ । ਉਨਾਂ ਦੱਸਿਆ ਕਿ ਇਸ ਫਾਉਂਡੇਸ਼ਨ ਵੱਲੋਂ ਸਮੇ ਸਮੇਂ ਸਿਰ ਭਲਾਈ ਦੇ ਕੰਮ ਵੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਮਡਾਡ ਫਾਉਂਡੇਸਨ ਵੱਲੋਂ ਜੰਮੂ ਕਸ਼ਮੀਰ ਰਲੀਫ ਫੰਡ, ਜੌੜਾ ਫਾਟਕ ਦੁਰਘਟਨਾ ਸਮੇਂ ਅਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਡਸਟਬਿਨਾਂ ਦੀ ਵੰਡ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ -19ਮਹਾਂਮਾਰੀ ਦੌਰਾਨ ਮਡਾਡ ਫਾਉਂਡੇਸ਼ਨ ਵੱਲੋਂ ਲੋਕਾਂ ਨੂੰ ਵਿੱਤੀ ਸਹਾਇਤਾ ਦੇ ਨਾਲ ਨਾਲ ਨਿਸ਼ਕਾਮ ਸੇਵਾ ਸਕੂਲ ਦੇ ਬੱਚਿਆਂ ਦੀ ਮਦਦ ਵੀ ਕੀਤੀ ਹੈ।
ਕੈਪਸ਼ਨ : ਸ੍ਰ ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲਾ ਪ੍ਰੀਸ਼ਦ ਖੰਨਾ ਪੇਪਰ ਮਿਲ ਦੇ ਸਹਿਯੋਗ ਨਾਲ ਬਲਾਕ ਹਰਸ਼ਾ ਛੀਨਾ ਨੂੰ ਸਫਾਈ ਤੇ ਹਰਿਆਲੀ ਮੁਹਿੰਮ ਤਹਿਤ ਸਾਜੋ ਸਮਾਨ ਨੂੰ ਝੰਡੀ ਦੇ ਕੇ ਗੱਡੀ ਰਵਾਨਾ ਕਰਦੇ ਹੋਏ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਮੁੱਧਲ ਤੇ ਸ੍ਰੀ ਸੁਨੀਤ ਕੋਛੜ।