ਪਟਿਆਲਾ, 10 ਫਰਵਰੀ:(ਬਿਊਰੋ) ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆ ਪਟਿਆਲਾ ਜ਼ਿਲ੍ਹੇ ਵਿੱਚ ਨਗਰ ਕੌਂਸਲ ਰਾਜਪੁਰਾ, ਨਾਭਾ ਸਮਾਣਾ ਅਤੇ ਪਾਤੜਾਂ ਚੋਣਾਂ ਦੌਰਾਨ ਚੋਣ ਖੇਤਰ 'ਚ ਮਿਤੀ 14 ਫਰਵਰੀ ਨੂੰ (ਵੋਟਾਂ ਵਾਲੇ ਦਿਨ) ਅਤੇ 17 ਫਰਵਰੀ ਨੂੰ (ਵੋਟਾਂ ਦੀ ਗਿਣਤੀ ਵਾਲੇ ਦਿਨ) ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਡਰਾਈ ਡੇਅ ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਚੋਣਾਂ ਵਾਲੇ ਏਰੀਆ/ਹਦੂਦ ਅੰਦਰ ਲਾਗੂ ਹੋਵੇਗਾ। ਹੁਕਮਾਂ 'ਚ ਕਿਹਾ ਗਿਆ ਹੈ ਕਿ ਉਕਤ ਪਾਬੰਦੀ ਸਮੇਂ ਦੌਰਾਨ ਚੋਣਾਂ ਵਾਲੇ ਖੇਤਰ ਵਿੱਚ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜ਼ੀ), ਬੀਅਰ ਬਾਰ, ਰੈਸਟੋਰੈਂਟ, ਅਹਾਤੇ, ਕਲੱਬ, ਹੋਟਲ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਤੌਰ 'ਤੇ ਇਜਾਜ਼ਤ ਹੈ, ਜਾਂ ਕਿਸੇ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋ ਕਰਨ, ਪੀਣ, ਪਿਲਾਉਣ, ਸਟੋਰ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ 'ਤੇ ਵੀ ਪੂਰਨ ਤੌਰ 'ਤੇ ਇਹ ਹੁਕਮ ਲਾਗੂ ਹੋਣਗੇ। ਅਜਿਹਾ ਨਗਰ ਕੌਂਸਲ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਵਿਵਸਥਾ ਤੇ ਲੋਕ ਹਿਤ ਵਿੱਚ ਅਤੇ ਸ਼ਾਂਤੀ ਕਾਇਮ ਰੱਖਣ ਲਈ ਕੀਤਾ ਗਿਆ ਹੈ।