ਨਵਾਂਸ਼ਹਿਰ 5 ਫਰਵਰੀ :- (ਐਨ ਟੀ ਟੀਮ) ਅੱਜ ਕੁੱਲ ਹਿੰਦ ਕਿਸਾਨ ਸਭਾ, ਪੰਜਾਬ, ਕੁੱਲ ਹਿੰਦ ਕਿਸਾਨ ਸਭਾ ਹਨਨ ਮੁੱਲਾਂ ਅਤੇ ਜਮਹੂਰੀ ਕਿਸਾਨ ਸਭਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਵਿਖੇ ਕਾਮਰੇਡ ਸੁਤੰਤਰ ਕੁਮਾਰ, ਕਾਮਰੇਡ ਕੁਲਦੀਪ ਸਿੰਘ ਸੁੱਜੋਂ, ਕਾਮਰੇਡ ਬਲਵੀਰ ਸਿੰਘ ਜਾਡਲਾ ਅਤੇ ਕਾਮਰੇਡ ਮੁਕੰਦ ਲਾਲ ਵਲੋਂ ਪ੍ਰੈਸ ਕਾਨਫਰੰਸ ਕਰਕੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਹੈ ਪਰ ਸਰਮਾਏਦਾਰੀ ਦੀ ਛਤਰ ਛਾਇਆ ਹੇਠ ਸਰਕਾਰ ਕਿਸਾਨਾਂ ਦੀ ਗੱਲ ਨਾਂ ਸੁਣਦਿਆਂ ਸੰਘਰਸ਼ ਨੂੰ ਬਦਨਾਮ ਕਰਨ ਦੇ ਰਾਹ ਤੇ ਪਈ ਹੋਈ ਹੈ। 26 ਜਨਵਰੀ ਨੂੰ ਹੋਈ ਕਿਸਾਨ ਪਰੇਡ ਵਿਚ ਰੁਕਾਵਟ ਪਾ ਕੇ ਇਕ ਵਾਰ ਤਾਂ ਜਸ਼ਨ ਮਨਾ ਚੁਕੀ ਹੈ ਪਰ ਸੰਘਰਸ਼ ਦੇ ਮੁੜ ਉਚਾਈ ਤੇ ਪਹੁੰਚਣ ਤੋਂ ਘਬਰਾਈ ਹੋਈ ਸੜਕਾਂ ਉੱਤੇ ਕਿੱਲਾਂ ਅਤੇ ਕੰਧਾਂ ਬਣਾ ਰਹੀ ਹੈ। ਲੋਕਾਂ ਦੇ ਜੋਸ਼ ਨੂੰ ਦੇਖਦਿਆਂ ਸੰਯੁਕਤ ਕਿਸਾਨ ਮੋਰਚੇ ਵਲੋਂ 6 ਫਰਵਰੀ ਨੂੰ 12ਵਜੇ ਤੋਂ 03 ਵਜੇ ਦੁਪਿਹਰ ਤੱਕ ਚੱਕਾ ਜਾਮ ਦਾ ਪ੍ਰੋਗਰਾਮ ਹੈ। ਨਵਾਂਸ਼ਹਿਰ ਦੀਆਂ ਮੋਰਚੇ ਵਿਚ ਸ਼ਾਮਿਲ ਕਿਸਾਨ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਵਿਚ ਜਾਮ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਜ਼ਿਲ੍ਹੇ ਦੇ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਚੰਡੀਗੜ੍ਹ ਚੌਕ ਵਿਚ ਪਹੁੰਚ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਗੁਲਾਟੀ, ਗੁਰਮੇਲ ਚੰਦ, ਨਰਿੰਦਰ ਕਾਲੀਆ, ਜਸਪਾਲ ਸਿੰਘ ਕੁਲਾਮ, ਸਤਨਾਮ ਸਿੰਘ ਸੁੱਜੋਂ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਵਿਚ ਚੱਕਾ ਜਾਮ ਕਰਨ ਬਾਰੇ ਜਾਣਕਾਰੀ ਦਿੰਦੇ ਕਿਸਾਨ ਆਗੂ