ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ 11,893 ਬੱਚਿਆਂ ਨੇ ਪੀਤੀਆਂ ਪੋਲੀਓ ਰੋਕੂ ਬੂੰਦਾਂ

ਡਿਪਟੀ ਡਾਇਰੈਕਟਰ ਈ.ਐੱਸ.ਆਈ. ਡਾ. ਓ.ਪੀ. ਗੋਜਰਾ ਅਤੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਹਾਈ ਰਿਸਕ ਖੇਤਰਾਂ ਵਿਚ ਕੀਤੀ ਚੈਕਿੰਗ
ਪੋਲੀਓ ਦੀਆਂ ਦੋ ਬੂੰਦਾਂ ਬੱਚਿਆਂ ਦੀ ਜ਼ਿੰਦਗੀ ਲਈ ਬੇਹੱਦ ਅਹਿਮ : ਡਾ. ਦਵਿੰਦਰ ਢਾਂਡਾ

ਨਵਾਂਸ਼ਹਿਰ, 1 ਫਰਵਰੀ :(ਐਨ ਟੀ ਟੀਮ) ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਨਗਰ ਵਿਚ ਚੱਲ ਰਹੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਡਿਪਟੀ ਡਾਇਰੈਕਟਰ ਈ.ਐੱਸ.ਆਈ. ਡਾ. ਓ.ਪੀ. ਗੋਜਰਾ ਨੇ ਝੁੱਗੀਆਂ-ਝੌਂਪੜੀਆਂ ਅਤੇ ਨਿਰਮਾਣ ਸਥਾਨਾਂ ਸਮੇਤ ਵੱਖ-ਵੱਖ ਹਾਈ ਰਿਸਕ ਖੇਤਰਾਂ ਦੀ ਚੈਕਿੰਗ ਕੀਤੀ। ਡਾ. ਓ.ਪੀ. ਗੋਜਰਾ ਨੇ ਦਸਹਿਰਾ ਗਰਾਊਂਡ ਵਿਚ ਝੱਗੀਆਂ-ਝੌਂਪੜੀਆ ਅਤੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸਾਹਮਣੇ ਨਿਰਮਾਣ ਅਧੀਨ ਖੇਤਰ ਵਿਚ ਜਾ ਕੇ ਪਲਸ ਪੋਲੀਓ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਪੋਲੀਓ ਰੋਕੂ ਬੂੰਦਾਂ ਪੀ ਚੁੱਕੇ ਬੱਚਿਆਂ ਦੀਆਂ ਉਂਗਲਾਂ ਦੇ ਨਿਸ਼ਾਨ ਚੈੱਕ ਕੀਤੇ। ਉਨ੍ਹਾਂ ਪਲਸ ਪੋਲੀਓ ਮੁਹਿੰਮ ਵਿਚ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਦੇ ਕੰਮ ਉੱਤੇ ਤਸੱਲੀ ਪ੍ਰਗਟ ਕੀਤੀ। ਇਸੇ ਦੌਰਾਨ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਸਲੱਮ ਏਰੀਆ ਚਰਚ ਕਾਲੋਨੀ ਅਤੇ ਸਲੋਹ ਰੋਡ ਸਲੱਮ ਏਰੀਆ ਵਿਚ ਜਾ ਕੇ ਬੱਚਿਆਂ ਦੀ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਾ. ਹਰਤੇਜ ਸਿੰਘ, ਹਰਦੀਪ ਸਿੰਘ ਅਤੇ ਸਿਵਲ ਸਰਜਨ ਦੇ ਸਹਾਇਕ ਅਜੇ ਕੁਮਾਰ ਹਾਜ਼ਰ ਸਨ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਅੱਜ ਦੂਜੇ ਦਿਨ ਜ਼ਿਲ੍ਹੇ ਵਿੱਚ ਕੁੱਲ 11,893 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਰੀਬ 53,014 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਿਚੋਂ ਹੁਣ ਤੱਕ 42,009 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾ ਕੇ ਕਰੀਬ 80 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਇਹ ਦੋ ਬੂੰਦਾਂ ਬੱਚਿਆਂ ਦੀ ਜ਼ਿੰਦਗੀ ਲਈ ਬੇਹੱਦ ਅਹਿਮ ਅਤੇ ਜ਼ਰੂਰੀ ਹੈ। ਅੱਜ ਨਵਾਂਸ਼ਿਹਰ ਵਿੱਚ 1471, ਬੰਗਾ ਵਿੱਚ 708, ਬਲਾਚੌਰ ਅਰਬਨ ਵਿੱਚ 666, ਰਾਹੋਂ ਵਿੱਚ 1050, ਮੁਜੱਫਰਪੁਰ ਬਲਾਕ ਵਿੱਚ 2763, ਮੁਕੰਦਪੁਰ ਬਲਾਕ ਵਿੱਚ 1123, ਸੁੱਜੋਂ ਵਿੱਚ 1454, ਸੜੋਆ ਬਲਾਕ ਵਿੱਚ 1116 ਅਤੇ ਬਲਾਚੌਰ ਰੂਰਲ ਵਿੱਚ 1542 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਨੇ ਭਾਰਤ ਨੂੰ ਪੋਲੀਓ ਮੁਕਤ ਐਲਾਨਿਆ ਹੋਇਆ ਹੈ ਅਤੇ ਭਾਰਤ ਵਿੱਚ ਸਾਲ 2011 ਤੋਂ ਬਾਅਦ ਪੋਲੀਓ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ। ਦੇਸ਼ ਦੇ ਪੋਲੀਓ ਮੁਕਤ ਰੁਤਬੇ ਨੂੰ ਬਰਕਰਾਰ ਰੱਖਣ ਲਈ ਜ਼ੀਰੋ ਤੋਂ ਪੰਜ ਸਾਲ ਦੇ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਉਣੀਆਂ ਜ਼ਰੂਰੀ ਹਨ ਤਾਂ ਕਿ ਇਹ ਬਿਮਾਰੀ ਦੁਬਾਰਾ ਸਿਰ ਨਾ ਚੁੱਕ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਹਰਪਿੰਦਰ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਸ੍ਰੀ ਤਰਸੇਮ ਲਾਲ, ਸੁਸ਼ੀਲ ਕੁਮਾਰ ਵੀ ਮੌਜੂਦ ਸਨ।