ਜ਼ਿਲ੍ਹੇ ’ਚ ਅਫ਼ਰੀਕਨ ਸਵਾਈਨ ਫ਼ਲੂ ਦਾ ਕੇਸ ਸਾਹਮਣੇ ਆਉਣ ’ਤੇ ਮੂਸਾਪੁਰ ਰੋਡ ਕਲੋਨੀ ਨੂੰ ਪ੍ਰਭਾਵਿਤ ਏਰੀਆ ਤੇ ਨਿਗਰਾਨੀ ਜ਼ੋਨ ਐਲਾਨਿਆ ਗਿਆ

ਨਵਾਂਸ਼ਹਿਰ, 1 ਸਤੰਬਰ : ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੂਸਾਪੁਰ ਰੋਡ ਕਾਲੋਨੀ ਨੂੰ ਅਫਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਿਤ ਜ਼ੋਨ ਐਲਾਨੇ ਜਾਣ ਬਾਅਦ ਅੱਜ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋੋਤ ਪਾਲ ਸਿੰਘ ਰੰਧਾਵਾ ਨੇ ਇਸ ਨੂੰ ਹੋਰ ਅੱਗੇ ਫ਼ੈਲਣ ਤੋਂ ਰੋਕਣ ਲਈ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਇਹਤਿਆਤੀ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਾਲੋਨੀ ਮੂਸਾਪੁਰ ਰੋਡ ਵਿੱਚ ਬੀਮਾਰੀ ਦੀ ਰੋਕਥਾਮ ਲਈ 'ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009' ਅਤੇ 'ਅਫਰੀਕਨ ਸਵਾਈਨ ਫੀਵਰ ਦੇ ਕੰਟਰੋਲ ਅਤੇ ਖਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)' ਤਹਿਤ ਪਾਬੰਦੀਆਂ ਲਾ ਕੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬੀਮਾਰੀ ਦੇ ਕੇਂਦਰਾਂ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ 'ਸੰਕ੍ਰਮਣ ਜ਼ੋਨ' ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ 'ਨਿਗਰਾਨੀ ਜ਼ੋਨ' ਹੋਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫੈਕਟਿਡ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਕੋਈ ਵੀ ਵਿਅਕਤੀ ਸੂਚੀਬੱਧ ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਾ ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ।  
ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ਼ਹੀਦ ਭਗਤ ਸਿੰਘ ਨਗਰ ਜਿਨ੍ਹਾਂ ਨੂੰ ਇਨ੍ਹਾਂ ਇਹਤਿਆਤੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਨੇ ਦੱਸਿਆ ਕਿ ਇਨ੍ਹਾਂ ਮਨਾਹੀ ਦੇ ਹੁਕਮਾਂ ਤਹਿਤ ਸੂਰ ਪਾਲਣ ਦਾ ਕੰਮ ਕਰ ਰਹੇ ਹਰ ਕਿਸਮ ਦੇ ਵਿਅਕਤੀ, ਪ੍ਰਭਾਵਿਤ ਇਲਾਕੇ ਤੋਂ 10 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਜਾਣ ਅਤੇ ਬਾਹਰਲੇ ਇਲਾਕੇ ਤੋਂ ਪ੍ਰਭਾਵਿਤ ਇਲਾਕੇ ਵਿੱਚ ਆਉਂਣ ਤੋਂ ਗੁਰੇਜ਼ ਕਰਨਗੇ। ਸੂਰਾਂ ਦੀ ਹਰ ਕਿਸਮ ਦੀ ਮੂਵਮੈਂਟ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਨਾਲ ਲਗਦੇ ਸੂਬੇ ਅਤੇ ਜ਼ਿਲਿਆਂ ਤੋਂ ਵੀ ਸੂਰਾਂ ਅਤੇ ਸੁਰਾਂ ਤੋਂ ਬਣਦੇ ਪਦਾਰਥ ਲੈ ਕੇ ਜਾਣ ਜਾਂ ਲੈ ਕੇ ਆਉਣ ਤੇ ਪੂਰਨ ਪਾਬੰਦੀ ਹੋਵੇਗੀ। ਕੋਈ ਜਿੰਦਾ/ਮਿ੍ਰਤਕ ਸੂਰ (ਜੰਗਲੀ ਸੂਰ, ਸੂਰ ਦਾ ਮੀਟ, ਸੂਰਾਂ ਦੀ ਫੀਡ, ਸੂਰ ਫਾਰਮ ਦਾ ਕੋਈ ਵੀ ਸਮਾਨ ਅਤੇ ਮਸ਼ੀਨਰੀ ਆਦਿ) ਵੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਲਿਜਾਣ ਜਾਂ ਬਾਹਰਲੇ ਇਲਾਕੇ ਤੋਂ ਪ੍ਰਭਾਵਿਤ ਇਲਾਕੇ ਵਿੱਚ ਲਿਆਉਣ 'ਤੇ ਪੂਰਨ ਪਾਬੰਦੀ ਹੋਵੇਗੀ। ਕਿਸੇ ਵੀ ਵਿਅਕਤੀ ਵੱਲੋਂ ਅਫਰੀਕਨ ਸਵਾਇਨ ਫੀਵਰ ਨਾਲ ਪ੍ਰਭਾਵਿਤ ਸੂਰ ਜਾਂ ਸੂਰਾਂ ਦੇ ਮੀਟ ਤੋਂ ਬਣਦੇ ਪਦਾਰਥ ਬਜਾਰ ਵਿੱਚ ਲੈ ਕੇ ਜਾਣ ਤੇ ਪੂਰਨ ਪਾਬੰਦੀ ਹੋਵੇਗੀ।

 width=Virus-free.www.avast.com