ਡੀ ਸੀ ਰੰਧਾਵਾ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਦੀਆਂ ਸਮੀਖਿਆ

ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਨੂੰ ਸਤਿਕਾਰ ਭੇਂਟ ਕਰਨ ਬਾਅਦ ਰੈਲੀ ਵਾਲੀ ਥਾਂ ਤੋਂ ਹੋਣਗੇ ਪੰਜਾਬ ਵਾਸੀਆਂ ਦੇ ਰੂਬਰੂ
ਖਟਕੜ ਕਲਾਂ ਵਿਖੇ ਸ਼ਾਮ ਨੂੰ ਵੀ ਹੋਵੇਗਾ ਨਾਟਕਾਂ ਤੇ ਗੀਤਾਂ 'ਤੇ ਆਧਾਰਿਤ ਸਭਿਆਚਾਰਕ ਸਮਾਗਮ ਤੇ ਕੈਂਡਲ ਮਾਰਚ
ਨਵਾਂਸ਼ਹਿਰ, 25 ਸਤੰਬਰ : ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਨੇ ਅੱਜ ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਕੀਤੇ ਜਾ ਰਹੇ ਰਾਜ ਪੱਧਰੀ ਸਮਾਰੋਹ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਰੰਧਾਵਾ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਦੀ ਸ਼ੁਰੂਆਤ ਲਖਵਿੰਦਰ ਵਡਾਲੀ ਵੱਲੋਂ ਦੇਸ਼ ਭਗਤੀ ਗੀਤਾਂ ਨਾਲ ਹੋਵੇਗੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ਅਤੇ ਸਰਦਾਰ ਭਗਤ ਸਿੰਘ ਦੇ ਸਮਾਰਕ 'ਤੇ ਨਤਮਸਤਕ ਹੋਣ ਉਪਰੰਤ ਮਿਊਜ਼ੀਅਮ ਦੇ ਪਿਛਲੇ ਪਾਸੇ ਰੈਲੀ ਵਾਲੀ ਥ ਾਂ ਤੋਂ ਪੰਜਾਬ ਵਾਸੀਆਂ ਦੇ ਰੂਬਰੂ ਹੋਣਗੇ। ਮੀਟਿੰਗ ਵਿੱਚ ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਏ ਡੀ ਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ ਡੀ ਐਮ ਨਵਾਂਸ਼ਹਿਰ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਬੰਗਾ ਡਾ. ਗੁਰਲੀਨ ਸਿੱਧੂ ਸਮੇਤ ਸਮਾਗਮ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।ਉਨ੍ਹਾਂ ਦੱਸਿਆ ਕਿ ਦੁਪਹਿਰ ਤੋਂ ਪਹਿਲਾਂ ਰਾਜ ਪੱਧਰੀ ਸਮਾਗਮ ਹੋਵੇਗਾ ਅਤੇ ਸ਼ਾਮ ਨੂੰ ਸ਼ਹੀਦ-ਏ-ਆਜ਼ਮ ਦੀ ਯਾਦ ਵਿੱਚ ਉੱਘੇ ਰੰਗ ਕਰਮੀ ਕੇਵਲ ਧਾਲੀਵਾਲ ਦੀ ਪੇਸ਼ਕਾਰੀ 'ਬਸੰਤੀ ਚੋਲਾ' ਹੋਵੇਗੀ। ਇਸ ਤੋਂ ਬਾਅਦ ਕੁੱਝ ਹੋਰ ਸਭਿਆਚਾਰਕ ਵੰਨਗੀਆਂ ਹੋਣਗੀਆਂ ਅਤੇ ਅਖੀਰ ਤੇ ਸ਼ਹੀਦ-ਏ-ਆਜ਼ਮ ਦੇ ਸਨਮਾਨ ਵਿੱਚ ਇੱਕ 'ਕੈਂਡਲ ਮਾਰਚ' ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹਾਫ਼ ਮੈਰਾਥਨ ਅਤੇ ਸਾਈਕਲ ਰੈਲੀ ਵੀ ਖੇਡ ਵਿਭਾਗ ਵੱਲੋਂ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸਵੇਰ ਅਤੇ ਸ਼ਾਮ ਦੇ ਸਮਾਗਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਮਿਊਜ਼ੀਅਮ ਦੇ ਪਿਛਲੇ ਪਾਸੇ ਲੋਕਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ, ਜਿੱਥੇ ਮੁੱਖ ਮੰਤਰੀ ਸਮੇਤ ਹੋਰ ਅਹਿਮ ਸਖਸ਼ੀਅਤਾਂ ਸਵੇਰ ਵੇਲੇ ਉਨ੍ਹਾਂ ਦੇ ਸਨਮੁੱਖ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵੱਖ-ਵੱਖ ਵਿਭਾਗਾਂ ਨੂੰ ਉੁਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਂਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਸ਼ਹੀਦ-ਏ-ਆਜ਼ਮ ਦੇ ਜਨਮ ਦਿਹਾੜੇ ਮੌਖੇ ਵੱਡੀ ਗਿਣਤੀ 'ਚ ਲੋਕਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸਮੁੱਚੇ ਪ੍ਰਬੰਧ ਜਿਨ੍ਹਾਂ ਵਿੱਚ ਸ਼ਾਮਿਆਨਾ, ਸਮਾਰਕ ਦੀ ਸਜਾਵਟ, ਜੱਦੀ ਘਰ, ਪਾਰਕ ਅਤੇ ਸਮਾਰਕ ਦੀ ਸਾਫ਼-ਸਫ਼ਾਈ, ਨਿਰਵਿਘਨ ਆਵਾਜਾਈ ਪ੍ਰਬੰਧਨ, ਢੁਕਵੀਂ ਪਾਰਕਿੰਗ, ਪੀਣ ਵਾਲੇ ਪਾਣੀ ਆਦਿ ਯਕੀਨੀ ਬਣਾਏ ਜਾਣ। ਮੀਟਿੰਗ ਵਿੱਚ ਏ ਈ ਟੀ ਸੀ (ਆਬਕਾਰੀ) ਹਨੂੰਵੰਤ ਸਿੰਘ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਜੀ ਐਮ ਰੋਡਵੇਜ਼ ਜਸਬੀਰ ਸਿੰਘ ਕੋਟਲਾ, ਸਕੱਤਰ ਆਰ ਟੀ ਏ ਹੁਸ਼ਿਆਰਪੁਰ ਸੁਖਵਿੰਦਰ ਕੁਮਾਰ, ਸਿਵਲ ਸਰਜਨ ਡਾ. ਦਵਿੰਦਰ ਢਾਂਡਾ, ਨਾਇਬ ਤਹਿਸੀਲਦਾਰ ਬੰਗਾ ਗੁਰਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪਾਵਰਕਾਮ ਬੰਗਾ ਸੁਵਿਕਾਸ ਪਾਲ, ਈ ਓ ਬੰਗਾ ਸੁਖਦੇਵ ਸਿੰਘ, ਐਸ ਡੀ ਓ ਜਲ ਸਪਲਾਈ ਤੇ ਸੈਨੀਟੇਸ਼ਨ ਮਨਜੀਤ ਸਿੰਘ, ਜੇ ਈ ਲੋਕ ਨਿਰਮਾਣ ਵਿਭਾਗ ਰਮੇਸ਼ ਕੁਮਾਰ, ਜੇ ਈ ਇਲੈਕਟ੍ਰੀਕਲ ਕਰਨੈਲ ਸਿੰਘ ਮੌਜੂਦ ਸਨ। ਬਾਅਦ ਵਿੱਚ ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ, ਏ ਡੀ ਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਬੰਗਾ ਡਾ. ਗੁਰਲੀਨ ਸਿੱਧੂ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਨਾਇਬ ਤਹਿਸੀਲਦਾਰ ਬੰਗਾ ਗੁਰਪ੍ਰੀਤ ਸਿੰਘ ਤੇ ਈ ਓ ਸੁਖਦੇਵ ਸਿੰਘ ਸਮੇਤ ਖਟਕੜ ਕਲਾਂ ਵਿਖੇ ਵੀ ਪੁੱਜੇ ਅਤੇ ਸਮਾਗਮ ਵਾਲੀ ਥਾਂ 'ਤੇੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।