ਡਿਪਟੀ ਕਮਿਸ਼ਨਰ ਵਲੋਂ ਸਰਫੇਸ ਜਲ ਸਪਲਾਈ ਪ੍ਰੋਜੈਕਟ ਤਲਵਾੜਾ ਦੇ ਕੰਮਾਂ ਦੀ ਪ੍ਰਗਤੀ ਨੂੰ ਤੇਜ਼ ਕਰਨ ਦੀ ਹਦਾਇਤ

ਤਲਵਾੜਾ, ਹਾਜੀਪੁਰ, ਭੁੰਗਾ ਅਤੇ ਦਸੂਹਾ ਬਲਾਕਾਂ ਦੇ 197 ਪਿੰਡਾਂ ਨੂੰ ਮਿਲੇਗੀ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ
ਹੁਸ਼ਿਆਰਪੁਰ, 20 ਸਤੰਬਰ: ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵਲੋਂ ਅੱਜ ਸਰਫੇਸ ਜਲ ਸਪਲਾਈ ਪ੍ਰੋਜੈਕਟ ਤਲਵਾੜਾ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਨੂੰ ਜਲਦੀ ਤੋਂ ਜਲਦੀ ਐਨ.ਓ.ਸੀ. ਜਾਰੀ ਕਰਨ ਅਤੇ ਕੰਮਾਂ ਦੀ ਪ੍ਰਗਤੀ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ, ਤਾਂ ਜੋ ਇਸ ਨੂੰ ਜਲਦ ਮੁਕੰਮਲ ਕਰਕੇ ਲੋਕਾਂ ਨੂੰ ਪੀਣ ਯੋਗ ਸਵੱਛ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਫੇਸ ਜਲ ਸਪਲਾਈ ਪ੍ਰੋਜੈਕਟ ਤਲਵਾੜਾ ਤਹਿਤ 4 ਬਲਾਕਾਂ ਤਲਵਾੜਾ, ਹਾਜੀਪੁਰ, ਭੁੰਗਾ ਅਤੇ ਦਸੂਹਾ ਬਲਾਕਾਂ ਅਧੀਨ ਪੈਂਦੇ 197 ਪਿੰਡਾਂ ਨੂੰ ਸ਼ਾਹ ਨਹਿਰ ਬੈਰਾਜ ਤਲਵਾੜਾ ਤੋਂ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੀਮ ਪਹਾੜੀ/ਕੰਢੀ ਖੇਤਰ ਹੋਣ ਕਾਰਨ ਇਸ ਖੇਤਰ ਦੇ ਵਸਨੀਕਾਂ ਨੂੰ ਪੀਣ ਵਾਲਾ ਪਾਣੀ ਪੂਰੀ ਮਾਤਰਾ ਵਿਚ ਉਪਲਬੱਧ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਕਤ ਖੇਤਰ ਦੀ ਪਾਣੀ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ, ਜਿਸ ਦੀ 221.44 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਹਫ਼ਤੇ ਬਾਅਦ ਉਹ ਮੁੜ ਤੋਂ ਇਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ। ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਪ੍ਰੀਤਇੰਦਰ ਸਿੰਘ, ਐਸ.ਡੀ.ਐਮ. ਮੁਕੇਰੀਆਂ ਕੰਵਲਜੀਤ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀ ਵਿਓਮ ਭਾਰਦਵਾਜ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰਜ ਕੁਮਾਰ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਤਲਵਾੜਾ ਅਨੁਜ ਸ਼ਰਮਾ, ਕਾਰਜਕਾਰੀ ਇੰਜੀਨੀਅਰ ਹੁਸ਼ਿਆਰਪੁਰ ਗੁਰਪ੍ਰੀਤ ਸਿੰਘ, ਉਪ ਮੰਡਲ ਇੰਜੀਨੀਅਰ ਨਵਨੀਤ ਕੁਮਾਰ ਜਿੰਦਲ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।