ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਵਸਤਾਂ ਦੀ ਵਿਕਰੀ ਲਈ 'ਪੰਖੜੀ' ਆਊਟਲੈਟ ਖੁੱਲ੍ਹਿਆ

ਮੁੱਖ ਮੰਤਰੀ ਦੇ ਪਤਨੀ ਤੇ ਭੈਣ ਨੇ ਪੰਖੜੀ ਦਾ ਦੌਰਾ ਕਰਕੇ ਕੀਤੀ ਸ਼ਲਾਘਾ
ਪੰਖੜੀ ਵਿਖੇ ਤਿਉਹਾਰਾਂ ਦੇ ਸੀਜ਼ਨ 'ਚ ਮਿਲਣਗੀਆਂ ਹੱਥੀਂ ਤਿਆਰ ਵਸਤਾਂ - ਸਾਕਸ਼ੀ ਸਾਹਨੀ

ਪਟਿਆਲਾ, 29 ਸਤੰਬਰ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪਟਿਆਲਾ ਤਹਿਤ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੇ ਰੋਜਗਾਰ ਨੂੰ ਹੋਰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਡ ਨੇੜੇ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ 'ਪੰਖੜੀ' ਨਾਮ ਦਾ ਆਊਟਲੈਟ ਖੋਲ੍ਹਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੰਖੜੀ ਆਊਟਲੈਟ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਦੌਰਾ ਕਰਕੇ ਸੈਲਫ਼ ਹੈਲਪ ਗਰੁੱਪਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਹੱਥੀਂ ਤਿਆਰ ਕੀਤੀਆਂ ਵਸਤਾਂ, ਜੋਕਿ ਇੱਥੇ ਵਿਕਰੀ ਲਈ ਰੱਖੀਆਂ ਗਈਆਂ ਹਨ, ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਦੇ ਪਤਨੀ ਸ਼ਮਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ, ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਦੀ ਧਰਮ ਪਤਨੀ ਤੇ ਭੈਣ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਆਜੀਵਿਕਾ ਮਿਸ਼ਨ ਤਹਿਤ ਸੈਲਫ਼ ਹੈਲਪ ਗਰੁੱਪਾਂ ਦੀਆਂ ਮੈਂਬਰ ਔਰਤਾਂ ਵੱਲੋਂ ਹੱਥੀਂ ਤਿਆਰ ਕੀਤੇ ਸਮਾਨ ਦੀ ਵਿਕਰੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਪੰਖੜੀ ਨਾਮ ਦਾ ਇਹ ਆਊਟਲੈਟ ਸਵੈ ਸਹਾਇਤਾ ਸਮੂਹਾਂ ਨੂੰ ਸਮਰਪਿਤ ਕੀਤਾ ਗਿਆ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਪੰਖੜੀ ਆਊਟਲੈਟ ਵਿੱਚ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਆਪਣੇ ਹੱਥੀਂ ਬਣਾਇਆ ਸਮਾਨ ਜਿਵੇਂ ਕਿ ਫ਼ੁਲਕਾਰੀ, ਕਢਾਈ ਵਾਲੇ ਦੁਪੱਟੇ, ਸੂਟ, ਵੂਲਨ ਤੇ ਜੂਟ ਦੀਆਂ ਵਸਤਾਂ, ਸਜਾਵਟੀ ਵਸਤਾਂ, ਜੈਵਿਕ ਆਚਾਰ, ਮੁਰੱਬੇ, ਸਿਰਕਾ, ਜੂਸ ਅਤੇ ਅਮਰੂਦ ਦੀ ਬਰਫੀ ਆਦਿ ਸ਼ਾਮਿਲ ਹੈ, ਜਿਸ ਨੂੰ ਕਿ ਆਗਾਮੀ ਤਿਉਹਾਰਾਂ ਦੇ ਸੀਜਨ ਵਿੱਚ ਆਮ ਲੋਕਾਂ ਲਈ ਵਿੱਕਰੀ ਵਾਸਤੇ ਰੱਖਿਆ ਗਿਆ ਹੈ। ਮੁੱਖ ਮੰਤਰੀ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਇਥੇ ਸਜਾਈਆਂ ਦਸਤਕਾਰੀ ਵਸਤਾਂ, ਖਾਸ ਤੌਰ 'ਤੇ ਮਲਟੀਗ੍ਰੇਨ ਲੱਡੂ ਅਤੇ ਅਮਰੂਦ ਦੀ ਬਰਫ਼ੀ ਦੀ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਪ੍ਰੋਗਾਮ ਮੈਨੇਜਰ ਰੀਨਾ ਰਾਣੀ ਨੇ ਦੱਸਿਆ ਕਿ ਇਸ ਆਊਟਲੈਟ ਪੰਖੜੀ ਵਿਖੇ ਗਾਹਕਾਂ ਦੀ ਪਸੰਦ ਮੁਤਾਬਕ ਆਰਡਰ ਉਪਰ ਵੀ ਸਮਾਨ ਵੀ ਤਿਆਰ ਕਰਵਾਇਆ ਜਾਦਾ ਹੈ। ਇਸ ਮੌਕੇ ਸਹਾਇਕ ਪ੍ਰੋਜੈਕਟ ਅਫ਼ਸਰ ਵਿਜੇ ਧੀਰ, ਡੀ.ਐਫ.ਐਮ ਹਰਜਿੰਦਰ ਸਿੰਘ ਅਤੇ ਰਵਿੰਦਰ ਸਿੰਘ ਵੀ ਮੌਜੂਦ ਰਹੇ।