ਕਿਸਾਨ ਝੋਨੇ ਦੀ ਪਰਾਲੀ/ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ ਕਰਨ- ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ

ਨਵਾਂਸ਼ਹਿਰ, 23 ਸਤੰਬਰ : ਪੰਜਾਬ ਸਰਕਾਰ ਵੱਲੋਂ ਇਨ ਸਿਟੂ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਾਏ ਜਾ ਰਹੇ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪਾਂ ਦੀ ਲੜੀ 'ਚ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਦੇ ਪਿੰਡ ਬਹਿਲੂਰ ਕਲਾਂ ਦੀ ਦਾਣਾ ਮੰਡੀ ਵਿਖੇ ਲਗਾਇਆ ਗਿਆ। ਇਸ ਮੌਕੇ ਡਾ. ਰਾਜ ਕੁਮਾਰ ਖੇਤੀਬਾੜੀ ਅਫ਼ਸਰ ਨਵਾਂਸ਼ਹਿਰ ਨੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਝੋਨੇ ਦੀ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇੁ ਪੂਰਨ ਪਾਬੰਦੀ ਲਗਾਈ ਗਈ ਹੈ ਤਾਂ ਜੋ ਪੰਜਾਬ ਦੇ ਵਾਤਾਵਰਨ ਨੂੰ ਦੂਸ਼ਿਤ ਕਰਨ ਤੋਂ ਬਚਾਇਆ ਜਾ ਸਕੇ ਅਤੇ ਮਨੁੱਖਾਂ ਨੂੰ ਧੂੰਏਂ ਤੋਂ ਪੈਦਾ ਹੋਣ ਵਾਲੀਆਂ ਹਾਨੀਕਾਰਕ ਗੈਸਾਂ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਫਿਰ ਵੀ ਆਪਣੀ ਝੋਨੇ ਦੀ ਪਰਾਲੀ/ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਵੇਗਾ ਤਾਂ ਉਸ ਕਿਸਾਨ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ ਅਤੇ ਉਸ ਦੇ ਜ਼ਮੀਨੀ ਰਿਕਾਰਡ ਵਿੱਚ ਰੈਡ ਐਂਟਰੀ ਵੀ ਦਰਜ ਹੋਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦੀ ਬਿਜਾਈ ਬਿਨਾਂ ਵਹਾਏ ਜ਼ੀਰੋ ਟਿਲ ਡਰਿੱਲ ਸੁਪਰ ਸੀਡਰ ਜਾਂ ਹੈਪੀ ਸੀਡਰ ਅਤੇ ਸਮਾਰਟ ਸੀਡਰ ਨਾਲ ਕਰਨ ਦੀ ਸਲਾਹ ਦਿੱਤੀ ਕਿਉਂਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਖਾਦਾਂ ਘੱਟ ਪਾਉਣ ਦੀ ਲੋੜ ਪੈਂਦੀ ਹੈ ਅਤੇ ਮਿੱਤਰ ਕੀੜਿਆਂ ਦੀ ਗਿਣਤੀ ਵਧਣ ਕਾਰਨ ਫ਼ਸਲ 'ਤੇ ਕੀੜੇ-ਮਕੌੜਿਆ ਦਾ ਹਮਲਾ ਵੀ ਘੱਟ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਏਕੜ ਝੋਨੇ ਦੀ ਫਸਲ ਤੋਂ ਤਕਰੀਬਨ 3 ਟਨ ਪਰਾਲੀ ਪੈਦਾ ਹੁੰਦੀ ਹੈ ਅਤੇ ਇੱਕ ਟਨ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 2.5 ਕਿਲੋ ਪੋਟਾਸ਼ ਅਤੇ 12 ਕਿਲੋ ਸਲਫਰ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਇਨਪੁੱਟਸ ਜਿਵੇਂ ਕਿ ਬੀਜ, ਖਾਦ ਅਤੇ ਕੀੜੇਮਾਰ ਦਵਾਈਆਂ ਲੈਣ ਸਮੇਂ ਡੀਲਰਾਂ ਤੋਂ ਬਿੱਲ ਜ਼ਰੂਰ ਲਿਆ ਜਾਵੇ। ਇਸ ਤੋਂ ਇਲਾਵਾ ਤਕਨੀਕੀ ਜਾਣਕਾਰੀ ਲੈਣ ਲਈ ਕਿਸਾਨ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰਨ। ਡਾ. ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਣਕ ਦੀ ਫਸਲ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਦਾਲਾਂ ਅਤੇ ਤੇਲ ਬੀਜ ਦੀ ਕਾਸ਼ਤ ਹੇਠਾਂ ਰਕਬਾ ਵਧਾਉਣ ਲਈ ਵੀ ਤਕਨੀਕੀ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਸਪਰੇਅ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਦੀਨਨਾਸ਼ਕ, ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਇਆਂ ਦਾ ਸਪਰੇਅ ਕਰਨ ਸਮੇਂ ਸਹੀ ਕਿਸਮ ਦੀ ਨੋਜ਼ਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਜਿਵੇਂ ਕਿ ਕੀੜੇਮਾਰ ਦਵਾਈਆਂ ਵਾਸਤੇ ਕੋਨ ਟਾਈਪ, ਨਦੀਨ ਨਾਸ਼ਕਾਂ ਵਾਸਤੇ ਫਲੱਡ ਜੈੱਟ ਅਤੇ ਫਲੈਟ ਫੈਨ ਵਰਤਣੀ ਚਾਹੀਦੀ ਹੈ। ਡਾ. ਪਰਮਵੀਰ ਕੌਰ, ਡੀ.ਪੀ.ਡੀ ਆਤਮਾ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਅਤੇ ਸੈਂਪਲ ਲੈਣ ਦੇ ਤਰੀਕੇ ਬਾਰੇ ਜਾਣਕਾਰੀ ਦਿੰਦਿਆਂ ਮਿੱਟੀ ਪਰਖ ਦੇ ਅਧਾਰ 'ਤੇ ਹੀ ਖਾਦਾਂ ਪਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕਿਸਾਨਾਂ ਨੇ ਹਾੜ੍ਹੀ ਦੀ ਫਸਲ ਨੂੰ ਸ਼ਿਫਾਰਿਸ ਅਨੁਸਾਰ ਡੀ.ਏ.ਪੀ ਖਾਦ ਪਾਈ ਹੈ ਤਾਂ ਸਾਉਣੀ ਦੀ ਫ਼ਸਲ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੈ। ਸ੍ਰੀ ਦਲਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਵੱਖ-ਵੱਖ ਮਸ਼ੀਨਾ ਜਿਵੇਂ ਕਿ ਸੁਪਰ ਸੀਡਰ, ਹੈਪੀ ਸੀਡਰ, ਜ਼ੀਰੋ ਟਿੱਲ-ਡਰਿੱਲ ਆਦਿ ਦੀ ਵਰਤੋਂ ਕਰਨ ਅਤੇ ਵਿਭਾਗ ਵੱਲੋ ਨਿੱਜੀ ਕਿਸਾਨਾਂ, ਕਿਸਾਨ ਗਰੁੱਪ ਅਤੇ ਸਹਿਕਾਰੀ ਸਭਾਵਾਂ ਨੂੰ ਮਸ਼ੀਨਰੀ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ) ਵਾਲੀ ਕੰਬਾਇਨ ਮਸ਼ੀਨ ਨਾਲ ਹੀ ਕਰਨ 'ਤੇ ਜ਼ੋਰ ਦਿੱਤਾ। ਇਸ ਮੌਕੇ ਸ੍ਰੀਮਤੀ ਨੀਨਾ ਕੰਵਰ ਡੀ.ਪੀ.ਡੀ ਆਤਮਾ, ਕੋਆਪ੍ਰੇਟਿਵ ਸੋਸਾਇਟੀ ਦੇ ਮੈਨੇਜਰ, ਸਰਬਜੀਤ ਸਿੰਘ, (ਏ.ਐਸ.ਆਈ), ਕੁਲਜਿੰਦਰ ਕੁਮਾਰ (ਏ.ਟੀ.ਐਮ), ਜਸਵਿੰਦਰ ਕੋਰ (ਏ.ਟੀ.ਐਮ), ਲਾਲ ਚੰਦ, ਸ਼ਿੰਗਾਰਾ ਰਾਮ ਅਤੇ ਸਤਨਾਮ ਸਿੰਘ, ਜਸਵੀਰ ਸਿੰਘ ਆਦਿ ਅੰਦਾਜ਼ਨ 70 ਤੋਂ ਵੱਧ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਕਿਸਾਨ ਕੈਂਪ ਵਿੱਚ ਭਾਗ ਲਿਆ।