ਪੰਜਾਬੀ ਯੂਨੀਵਰਸਿਟੀ ਦੀ ਪੇਸ਼ਕਾਰੀ ਬਸੰਤੀ ਚੋਲਾ ਨੇ ਭਗਤ ਸਿੰਘ ਦੇ ਜੀਵਨ ਫਲਸਫ਼ੇ ਤੇ ਪਾਈ ਰੌਸ਼ਨੀ
ਐਨ ਜ਼ੈੱਡ ਸੀ ਸੀ ਦੇ ਕਵੀਸ਼ਰਾਂ, ਮਲਵਈ ਗਿੱਧੇ, ਜਾਗੋ ਤੇ ਗਿੱਧੇ ਤੇ ਫੋਕ ਆਰਕੈਸਟਰਾ ਤੇ ਭੰਗੜੇ ਨੇ ਮਹਾਨ ਦੇਸ਼ ਭਗਤ ਨੂੰ ਦਿੱਤੀ ਆਪਣੇ ਅੰਦਾਜ਼ ਚ ਸ਼ਰਧਾਂਜਲੀ
ਬੰਗਾ ਤੋਂ ਮੈਰਾਥਨ ਅਤੇ ਕਾਹਮਾ ਤੋਂ ਸਾਈਕਲਿੰਗ ਰੈਲੀ ਰਾਹੀਂ ਪੁੱਜੀ ਨਵੀਂ ਪੀੜ੍ਹੀ ਨੇ ਦਿਖਾਈ ਭਰਪੂਰ ਰੁਚੀ
ਡੀ.ਸੀ. ਦੀ ਅਗਵਾਈ ਚ ਸ਼ਹੀਦ ਏ ਆਜ਼ਮ ਦੇ ਬੁੱਤ ਤੱਕ ਕੀਤਾ ਗਿਆ ਮੋਮਬੱਤੀ ਮਾਰਚ
ਅਜਾਇਬਘਰ ਤੇ ਜੱਦੀ ਘਰ ਜਨਮ ਦਿਵਸ ਤੇ ਰੌਸ਼ਨੀਆਂ ਚ ਨਹਾਏ
ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 28 ਸਤੰਬਰ, 2022 ; ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਤੇ ਅੱਜ ਖਟਕੜ ਕਲਾਂ ਵਿਚ ਮੇਲੇ ਦਾ ਮਾਹੌਲ ਸ਼ਾਮ ਤੱਕ ਚਲਦਾ ਰਿਹਾ। ਲੋਕ ਆਪਣੇ ਇਸ ਨੌਜੁਆਨ ਨਾਇਕ ਨੂੰ ਦੂਰੋਂ ਦੂਰੋਂ ਸ਼ਰਧਾ ਸੁਮਨ ਭੇਟ ਕਰਨ ਪੁੱਜੇ।
ਸਵੇਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਸ਼ਹੀਦ ਭਗਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਨ ਪੁੱਜੇ, ਉੱਥੇ ਸ਼ਾਮ ਨੂੰ ਪੰਜਾਬ ਸਰਕਾਰ ਵੱਲੋਂ ਉੱਤਰੀ ਜ਼ੋਨ ਕਲਚਰਲ ਸੈਂਟਰ, ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਬੁੱਧਵਾਰ ਸ਼ਾਮ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਨਾਟਕ, ਗਿੱਧਾ, ਭੰਗੜਾ, ਮਲਵਈ ਗਿੱਧਾ, ਕਵੀਸ਼ਰੀ, ਆਦਿ ਪੇਸ਼ਕਾਰੀਆਂ ਕਰਵਾਈਆਂ ਗਈਆਂ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਸ ਮੌਕੇ ਆਖਿਆ ਕਿ ਦੇਸ਼ ਦੇ ਮਹਾਨ ਸ਼ਹੀਦ ਨੂੰ ਅੱਜ ਪੂਰਾ ਦਿਨ ਵੱਖ ਵੱਖ ਸਮਾਗਮਾਂ ਤੇ ਪੇਸ਼ਕਾਰੀਆਂ ਰਾਹੀਂ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖਟਕੜ ਕਲਾਂ ਦੀ ਧਰਤੀ ਉਸ ਮਹਾਨ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੀਆਂ ਯਾਦਾਂ ਨੂੰ ਅੱਜ ਵੀ ਆਪਣੀ ਹਿੱਕ ਚ ਸਮੋਈ ਬੈਠੀ ਹੈ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ ਕਿਸਮਤ ਹਾਂ ਕਿ ਇਸ ਮਾਣਮੱਤੀ ਧਰਤੀ ਤੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਮੌਕੇ ਯਾਦ ਕਰਨ ਲਈ ਆਉਂਦੇ ਹਾਂ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅੱਜ ਵੀ ਨੌਜੁਆਨਾਂ ਦੇ ਹੀਰੋ ਹਨ। ਜਿਸ ਦਾ ਪ੍ਰਤੀਕ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਹੈ।
ਇਸ ਮੌਕੇ ਬੰਗਾ ਤੋਂ ਮੈਰਾਥਨ ਤੇ ਕਾਹਮਾ ਤੋਂ ਸਾਇਕਲ ਰੈਲੀ ਰਾਹੀਂ ਖੇਡ ਵਿਭਾਗ ਵਲੋਂ ਵਿਸ਼ੇਸ਼ ਤੌਰ ਤੇ ਨੌਜੁਆਨਾਂ ਦੀ ਸ਼ਮੂਲੀਅਤ ਕਰਵਾਈ ਗਈ।
ਦੇਰ ਸ਼ਾਮ ਨੂੰ ਨਾਟਕ ਤੇ ਸਭਿਆਚਾਰਕ ਸਮਾਗਮ ਵਾਲੀ ਥਾਂ ਤੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਤੱਕ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ।
ਰੰਧਾਵਾ ਨੇ ਆਸ ਪ੍ਰਗਟ ਕੀਤੀ ਕਿ ਇਹ ਸਮਾਗਮ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਗੂੜ੍ਹਾ ਕਰਨਗੇ ਜੋ ਕਿ ਮਹਾਨ ਸ਼ਹੀਦਾਂ ਨੂੰ ਸੱਚੀ ਅਤੇ ਢੁਕਵੀਂ ਸ਼ਰਧਾਂਜਲੀ ਹੋਵੇਗੀ।
ਇਸ ਮੋਮਬੱਤੀ ਮਾਰਚ ਵਿੱਚ ਆਪ ਆਗੂ ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ ਤੇ ਜ਼ਿਲ੍ਹਾ ਪ੍ਰਧਾਨ ਆਪ ਸਤਨਾਮ ਜਲਾਲਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਏ ਡੀ ਸੀ ਅਮਰਦੀਪ ਸਿੰਘ ਬੈਂਸ, ਐਸ ਪੀ ਡਾਕਟਰ ਮੁਕੇਸ਼, ਐਸ ਡੀ ਐਮ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਗੁਰਲੀਨ ਸਿੱਧੂ, ਪਿੰਡ ਦੀ ਪੰਚਾਇਤ ਤੇ ਹੋਰ ਸਖਸ਼ੀਅਤਾਂ ਤੇ ਅਧਿਕਾਰੀ ਮੌਜੂਦ ਸਨ।