ਨਵਾਂਸ਼ਹਿਰ, 22 ਸਤੰਬਰ : ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਬੇਲੋੜੀ ਅਤੇ ਬੇਸ਼ੁਮਾਰ ਵਰਤੋਂ ਨਾਲ ਮਿੱਟੀ, ਪਸ਼ੂ-ਪੰਛੀ ਤੇ ਮਨੁੱਖੀ ਸਿਹਤ ਨੂੰ ਹੋਏ ਨੁਕਸਾਨ ਦੀ ਭਰਪਾਈ ਅਤੇ ਬਦਲ ਜੈਵਿਕ/ਔਰਗੈਨਿਕ ਜਾਂ ਜ਼ਹਿਰ-ਮੁਕਤ ਖੇਤੀ ਹੈ। ਇਸੇ ਖੇਤੀ ਨੂੰ ਹੁਲਾਰਾ ਦੇਣ ਲਈ ਜਨਰਲ ਮੈਨੇਜਰ ਰਣਬੀਰ ਸਿੰਘ ਦੀ ਅਗਵਾਈ ਹੇਠਾਂ ਪੰਜਾਬ ਐਗਰੋ ਵੱਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਇੱਕ ਰੋਜ਼ਾ ਕੈਂਪ ਪੰਜਾਬ ਐਗਰੋ ਦੀ ਸ਼ਾਖਾ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਢਾਹਾਂ ਵਿਖੇ ਲਗਾਇਆ ਗਿਆ। ਪੰਜਾਬ ਐਗਰੋ ਦੇ ਜੈਵਿਕ ਖੇਤੀ ਜ਼ਿਲ੍ਹਾ ਸੁਪਰਵਾਈਜ਼ਰ ਸਤਵਿੰਦਰ ਸਿੰਘ ਪੈਲ਼ੀ ਨੇ ਦੱਸਿਆ ਕਿ ਜੈਵਿਕ ਖੇਤੀ ਨੂੰ ਹੋਰ ਪ੍ਰਫੁੱਲਤ ਕਰਨ ਤੇ ਲਾਹੇਵੰਦ ਬਣਾਉਣ ਲਈ ਪੰਜਾਬ ਸਰਕਾਰ ਦਾ ਇਹ ਅਦਾਰਾ ਜੈਵਿਕ ਖੇਤੀ ਕਰਨ ਅਤੇ ਉਸਦੀ ਤੀਜੀ ਧਿਰ ਦੀ ਰਜਿਸਟ੍ਰੇਸ਼ਨ ਅਤੇ ਪ੍ਰਮਾਣੀਕਰਣ ਮੁਫ਼ਤ ਕਰਵਾਉਣ ਲਈ 2015 ਤੋਂ ਕਿਸਾਨ ਭਰਾਵਾਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਿੱਕਮ ਤੋਂ ਬਾਅਦ ਪੰਜਾਬ ਭਾਰਤ ਦਾ ਦੂਜਾ ਰਾਜ ਹੈ, ਜਿੱਥੇ ਸਰਕਾਰੀ ਵਿਭਾਗ ਵਲੋਂ ਤੀਜੀ ਧਿਰ ਦੀ ਜੈਵਿਕ (ਔਰਗੈਨਿਕ) ਖੇਤਾਂ ਦੀ ਸਰਟੀਫੀਕੇਸ਼ਨ ਅਤੇ ਬੁਨਿਆਦੀ-ਤਕਨੀਕੀ ਸਹਾਇਤਾ ਫ੍ਰੀ ਵਿੱਚ ਦਿੱਤੀ ਜਾਂਦੀ ਹੈ। ਇੱਥੇ ਹੀ ਉਨ੍ਹਾਂ ਪੰਜਾਬ ਐਗਰੋ ਦੀਆਂ ਹੋਰ ਸਕੀਮਾਂ ਜਿਵੇਂ ਬੀਜ ਆਲੂ ਦੀ ਪ੍ਰਮਾਣਿਕਤਾ ਤੇ ਖੋਜਣ ਯੋਗਤਾ, ਲਾਲ ਮਿਰਚਾਂ ਅਤੇ ਖੜ੍ਹੀ ਮੱਕੀ ਦੀ ਖਰੀਦ, ਪੀ. ਐਮ. ਐਫ. ਐਮ.ਈ ਸਕੀਮ, ਆਧੁਨਿਕ ਨਰਸਰੀ ਆਦਿ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਆਤਮਾ ਪ੍ਰੋਜੈਕਟ ਡਾਇਰੈਕਟਰ ਡਾ. ਕਮਲਦੀਪ ਸਿੰਘ ਸੰਘਾ ਨੇ ਕਿਸਾਨ ਭਰਾਵਾਂ ਨੂੰ ਜੈਵਿਕ ਖੇਤੀ ਕਰਨ ਤੇ ਮਾਰਕੀਟ ਕਰਨ ਦੇ ਤਜਰਬੇ ਅਤੇ ਨੁਸਖੇ ਸਾਂਝੇ ਕੀਤੇ ਗਏ ਤੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਘਰੇਲੂ ਬਗੀਚੀ ਤੋਂ ਜੈਵਿਕ ਖੇਤੀ ਸ਼ੁਰੂ ਕਰਨ ਦੀ ਅਪੀਲ ਕੀਤੀ। ਅੰਤ 'ਚ ਵਿਸ਼ਵਦੀਪ ਸਿੰਘ (ਕਾਰਜਕਾਰੀ, ਨਵਾਂ ਸ਼ਹਿਰ) ਨੇ ਪੰਜਾਬ ਐਗਰੋ ਦੇ ਹੋਰ ਹਾੜ੍ਹੀ ਸੀਜਨ ਦੇ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਕਿਸਾਨ ਭਰਾਵਾਂ ਨੂੰ ਪ੍ਰੇਰਿਆ। ਕੈਂਪ ਦੌਰਾਨ 60 ਦੇ ਕਰੀਬ ਕਿਸਾਨਾਂ ਨੇ ਹਿੱਸਾ ਲਿਆ ਜਿਨ੍ਹਾਂ 'ਚ ਅਗਾਂਹਵਧੂ ਕਿਸਾਨ ਬਲਜੀਤ ਸਿੰਘ ਢਾਹਾਂ, ਸਤਨਾਮ ਸਿੰਘ ਕਿਸ਼ਨਪੁਰਾ, ਚਰਨਜੀਤ ਸਿੰਘ ਮੇਹਲੀ, ਹਰੀ ਓਮ, ਗੁਰਨੇਕ ਸਿੰਘ, ਓਮ ਲਾਲ, ਗੁਰਪ੍ਰੀਤ ਸਿੰਘ, ਮਾਸਟਰ ਬਲਵਿੰਦਰ ਸਿੰਘ ਪਠਲਾਵਾ, ਹਰਮੰਦਰ ਸਿੰਘ ਪਠਲਾਵਾ, ਮਲਕੀਤ ਸਿੰਘ ਆਦਿ ਹਾਜ਼ਰ ਸਨ।