ਹੁਸ਼ਿਆਰਪੁਰ, 20 ਸਤੰਬਰ: ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਅੱਜ ਨਵੋਦਿਆ ਵਿਦਿਆਲਿਆਂ ਦੀ ਦੋ ਰੋਜ਼ਾ ਖੇਤਰੀ ਅਥਲੈਟਿਕ ਮੀਟ ਪੂਰੇ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋ ਗਈ ਹੈ। ਅਥਲੈਟਿਕ ਮੀਟ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਇੰਚਾਰਜ ਸੰਜੀਵ ਕੁਮਾਰ ਵੀ ਉਨ੍ਹਾਂ ਦੇ ਨਾਲ ਸਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਇਸ ਮੌਕੇ ਇਸ ਅਥਲੈਟਿਕ ਮੀਟ ਵਿਚ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਸ਼ਾਨਦਾਰ ਮਾਰਚ ਪਾਸਟ ਹੋਇਆ ਅਤੇ ਭਾਗੀਦਾਰਾਂ ਵਲੋਂ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਗਈ। 20 ਅਤੇ 21 ਸਤੰਬਰ ਨੂੰ ਹੋ ਰਹੀ ਇਸ ਮੀਟ ਵਿਚ 306 ਖਿਡਾਰੀ ਭਾਗ ਲੈ ਰਹੇ ਹਨ। ਇਹ ਦੋ ਰੋਜ਼ਾ ਮੀਟ 5 ਕਲੱਸਟਰਾਂ ਪੰਜਾਬ-1, ਪੰਜਾਬ-2, ਜੰਮੂ-1, ਜੰਮੂ-2 ਅਤੇ ਹਿਮਾਚਲ ਵਿਚਾਲੇ ਹੋ ਰਹੀ ਹੈ। ਅੱਜ ਵੱਖ-ਵੱਖ ਖੇਡਾਂ ਵਿਚ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।