ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਦੇ 115ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਲਈ ਪ੍ਰਬੰਧ ਮੁਕੰਮਲ
ਏ ਡੀ ਜੀ (ਪੀ) ਪ੍ਰਵੀਨ ਸਿਨਹਾ ਨੇ ਆਈ ਜੀ ਐਸ ਪੀ ਐਸ ਪਰਮਾਰ, ਡੀ ਸੀ ਐਨ ਪੀ ਐਸ ਰੰਧਾਵਾ ਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਲਖਵਿੰਦਰ ਵਡਾਲੀ ਆਪਣੀਆਂ ਸੰਗਤੀਕ ਸੁਰਾਂ ਨਾਲ ਸ਼ਹੀਦ-ਏ-ਆਜ਼ਮ ਨੂੰ ਕਰਨਗੇ ਸਿਜਦਾ
ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) 27 ਸਤੰਬਰ :-
ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕੈਬਿਨਟ ਸਾਥੀਆਂ ਸਮੇਤ 28 ਸਤੰਬਰ ਬੁੱਧਵਾਰ ਨੂੰ ਸਵੇਰੇ 11 ਵਜੇ ਖਟਕੜ ਕਲਾਂ ਵਿਖੇ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਮੌਕੇ ਨਿਮਰ ਸ਼ਰਧਾਂਜਲੀ ਭੇਟ ਕਰਨਗੇ। ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਲਖਵਿੰਦਰ ਵਡਾਲੀ ਵੱਲੋਂ ਆਪਣੀਆਂ ਸੰਗੀਤਕ ਸੁਰਾਂ ਨਾਲ ਕੀਤੀ ਜਾਵੇਗੀ, ਜਿਸ ਦੌਰਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਦੇਸ਼ ਦੇ ਸ਼ਹੀਦਾਂ ਨੂੰ ਸੰਗੀਤਕ ਸ਼ਰਧਾਂਜਲੀ ਦਿੱਤੀ ਜਾਵੇਗੀ।
ਪੰਜਾਬ ਸਰਕਾਰ ਵੱਲੋਂ ਜਨਮ ਦਿਵਸ ਮੌਕੇ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਮੰਗਲਵਾਰ ਨੂੰ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਾਈਬਰ ਕ੍ਰਾਈਮ, ਐਨ ਆਰ ਆਈ) ਪ੍ਰਵੀਨ ਕੁਮਾਰ ਸਿਨਹਾ ਨੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਲੁਧਿਆਣਾ ਰੇਂਜ ਦੇ ਆਈ ਜੀ ਐਸ ਪੀ ਐਸ ਪਰਮਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਉਨ੍ਹਾਂ ਇਸ ਮੌਕੇ ਪੁਲਿਸ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਬੁੱਤ ਅੱਗੇ ਪੇਸ਼ ਕੀਤੇ ਜਾਣ ਵਾਲੇ 'ਗਾਰਡ ਆਫ਼ਰ ਆਨਰ' ਦੀ ਡਿ੍ਰਲ ਵੀ ਕਰਵਾ ਕੇ ਦੇਖੀ।
ਸ੍ਰੀ ਸਿਨਹਾ ਨੇ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰਨਾਂ ਅਧਿਕਾਰੀਆਂ ਨਾਲ ਵੀ ਵਿਸਥਾਰਤ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਜਾਇਬ ਘਰ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਬਾਅਦ ਵਿੱਚ ਮਿਊਜ਼ੀਅਮ ਦੇ ਪਿਛਲੇ ਪਾਸੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਟ੍ਰੈਫਿਕ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਅਤੇ ਅਹਿਮ ਸਖਸ਼ੀਅਤਾਂ ਦੇ ਬੈਠਣ ਦੇ ਕੀਤੇ ਢੁੱਕਵੇਂ ਪ੍ਰਬੰਧਾਂ ਦੀ ਜਾਣਕਾਰੀ ਲਈ।
ਮੀਟਿੰਗ ਦੌਰਾਨ ਸ੍ਰੀ ਸਿਨਹਾ ਨੇ ਸਮਾਗਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ ਭਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਇਸ ਸਮਾਗਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਜਨਾਬੱਧ ਢੰਗ ਨਾਲ ਡਿਊਟੀਆਂ ਲਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ ਨੂੰ 4:30 ਵਜੇ ਰੈਲੀ ਵਾਲੀ ਥਾਂ 'ਤੇ ਹੀ ਸੰਗੀਤਕ ਵਿਧਾਵਾਂ, ਲੋਕ ਗੀਤਾਂ ਤੇ ਨਾਚ, ਮਲਵਈ ਗਿੱਧਾ ਤੇ ਨਾਟਕ 'ਬਸੰਤੀ ਚੋਲਾ' ਰਾਹੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਯਾਦ ਕੀਤਾ ਜਾਵੇਗਾ। ਉਸ ਤੋਂ ਬਾਅਦ ਇੱਥੋਂ ਹੀ ਇੱਕ 'ਕੈਂਡਲ ਮਾਰਚ' ਸ਼ਾਮ 7:15 ਵਜੇ ਸ਼ਹੀਦ-ਏ-ਆਜ਼ਮ ਦੀ ਪ੍ਰਤਿਮਾ ਤੱਕ ਕੱਢਿਆ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਸਵੇਰ ਅਤੇ ਸ਼ਾਮ ਦੇ ਸਮਾਗਮਾਂ ਵਿੱਚ ਹੁੰਮ-ਹੁੰਮਾ ਕੇ ਪੁੱਜਣ ਲਈ ਅਪੀਲ ਕੀਤੀ।
ਫ਼ੋਟੋ ਕੈਪਸ਼ਨ:
ਵਧੀਕ ਡਾਇਰੈਕਟਰ ਪੁਲਿਸ ਪ੍ਰਵੀਨ ਸਿਨਹਾ ਖਟਕੜ ਕਲਾਂ ਵਿਖੇ 28 ਸਤੰਬਰ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਸਬੰਧੀ ਮੰਗਲਵਾਰ ਨੂੰ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ।