ਵਿਦਿਆਰਥੀਆਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਰੈਲੀ

ਹੁਸ਼ਿਆਰਪੁਰ, 29 ਸਤੰਬਰ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਤਹਿਤ ਸਾਈਂ ਸਪੋਰਟਸ ਕਲੱਬ ਹੁਸ਼ਿਆਰਪੁਰ ਅਤੇ ਸੰਤ ਬਾਬਾ ਈਸ਼ਵਰ ਦਾਸ ਸਪੋਰਟਸ ਕਲੱਬ ਕਾਹਰੀ-ਸਾਹਰੀ ਵਲੋਂ ਇਕ ਰੈਲੀ ਕੱਢੀ ਗਈ, ਜਿਸ ਵਿਚ ਵਿਦਿਆ ਮੰਦਰ ਦੇ ਵਿਦਿਆਰਥੀਆਂ ਵਲੋਂ ਵੀ ਵੱਡੀ ਗਿਣਤੀ ਵਿਚ ਪੂਰੇ ਜੋਸ਼ੋ-ਖਰੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਰੈਲੀ ਨੂੰ ਸਹਾਇਕ ਕਮਿਸ਼ਨਰ ਸ਼੍ਰੀ ਵਿਓਮ ਭਾਰਦਵਾਜ ਨੇ ਸ਼ਿਮਲਾ ਪਹਾੜੀ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਸਮਾਜ ਨੂੰ ਨਸ਼ਾ ਮੁਕਤ ਬਣਾਉਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਸੱਦਾ ਦਿੰਦੀ ਇਹ ਰੈਲੀ ਸ਼ਹੀਦ ਭਗਤ ਸਿੰਘ ਚੌਕ ਵਿਖੇ ਜਾ ਸਕੇ ਸਮਾਪਤ ਹੋਈ, ਜਿਥੇ ਸਮੂਹ ਭਾਗੀਦਾਰਾਂ ਨੇ ਸ਼ਹੀਦ-ਏ-ਆਜ਼ਮ ਦੀ ਪ੍ਰਤਿਮਾ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਨੌਜਵਾਨ ਵਰਗ ਨੂੰ ਉਨ੍ਹਾਂ ਦੀ ਸੋਚ ਦਾ ਹਾਣੀ ਬਣਨਾ ਪਵੇਗਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੀ ਚੰਦਰ ਪ੍ਰਕਾਸ਼ ਸੈਣੀ ਨੇ ਕਿਹਾ ਕਿ ਜਿਸ ਦੇਸ਼ ਦੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ, ਉਸ ਦੇਸ਼ ਨੂੰ ਅੱਗੇ ਵੱਧਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੌਕੇ ਅਤੁਲ ਸ਼ਰਮਾ, ਅਤਿੰਦਰ ਪਾਲ ਸ਼ਰਮਾ, ਦੀਪਕ ਮਹਿਤਾ, ਰੋਹਿਤ ਮਹਿਤਾ, ਕਾਰਤਿਕ ਸ਼ਰਮਾ, ਨਿਤਿਨ ਕੁਮਾਰ, ਸਾਹਿਲ ਕੁਮਾਰ, ਨਿੱਕਾ ਸਰਪੰਚ, ਬੰਟੀ, ਰਿੰਕੂ, ਬਲਜੀਤ ਅਤੇ ਜੋਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਤੇ ਵਿਦਿਆਰਥੀ ਹਾਜ਼ਰ ਸਨ।