ਲੜਕੀਆਂ ਦੇ ਫੁੱਟਬਾਲ ਮੁਕਾਬਲਿਆਂ 'ਚ ਜਗਤਪੁਰ ਦੀ ਟੀਮ ਜ਼ਿਲ੍ਹੇ 'ਚੋਂ ਜੇਤੂ ਤੇ ਰਾਹੋਂ ਦੀ ਟੀਮ ਉੱਪ ਜੇਤੂ ਐਲਾਨੀ ਗਈ

ਨਵਾਂਸ਼ਹਿਰ, 18 ਸਤੰਬਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਪੰਜਵੇਂ ਦਿਨ ਐਤਵਾਰ ਹਾਕੀ, ਫੁਟਬਾਲ ਅਤੇ ਬੈਡਮਿੰਟਨ ਦੇ ਮੁਕਾਬਲੇ ਦਿਲਚਸਪ ਰਹੇ। ਹਾਕੀ ਤੇ ਫੁੱਟਬਾਲ ਮੈਚਾਂ ਤੋਂ ਇਲਾਵਾ ਬੈਡਮਿੰਟਨ 'ਚ ਲਗਪਗ ਸਾਰੇ ਹੀ ਉਮਰ ਗਰੁੱਪਾਂ ਨੇ ਆਪਣੀ ਦਿਲਚਸਪੀ ਦਿਖਾਈ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹਾਕੀ ਦੇ ਫ਼ਾਈਨਲ ਮੁਕਾਬਲਿਆਂ ਦਾ ਉਦਘਾਟਨ ਡੀ ਐਸ ਪੀ ਸਪੈਸ਼ਲ ਬਰਾਂਚ ਲਖਵੀਰ ਸਿੰਘ ਨੇ ਕੀਤਾ। ਉਨ੍ਹਾਂ ਇਸ ਮੌਕੇ ਆਖਿਆ ਕਿ ਪੰਜਾਬ ਦੇ ਨੌਜੁਆਨਾਂ ਨੂੰ ਸੰਭਾਲਣ ਅਤੇ ਖੇਡਾਂ ਵਾਲੇ ਪਾਸੇ ਰੁਚਿਤ ਕਰਨ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਅਹਿਮ ਯੋਗਦਾਨ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ 'ਚ ਨੌਜੁਆਨਾਂ ਵੱਲੋਭ ਵਹਾਏ ਜਾ ਰਹੇ ਪਸੀਨੇ ਤੋਂ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਨੌਜੁਆਨ ਨੂੰ ਕੇਵਲ ਸਹੀ ਦਿਸ਼ਾ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਲੀਕੇ ਇਸ ਖੇਡ ਮਹਾਂਕੁੰਭ 'ਚ ਆਪਣਾ ਯੋਗਦਾਨ ਪਾਉਣ ਵਾਲੇ ਖਿਡਾਰੀਆਂ, ਕੋਚਾਂ ਅਤੇ ਕਨਵੀਨਰਾਂ ਵੱਲੋਂ ਇਨ੍ਹਾਂ ਖੇਡ ਮੁਕਾਬਲਿਆਂ ਨੂੰ ਕਾਮਯਾਬ ਕਰਨ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟਾਇਆ। ਇਸ ਮੌਕੇ ਹਾਕੀ ਦੇ ਕਨਵੀਨਰ ਸੁਖਵਿੰਦਰ ਸਿੰਘ ਧਾਵਾ ਤੇ ਕੋ-ਕਨਵੀਨਰ ਡੀ ਪੀ ਈ ਕੁਲਵਿੰਦਰ ਸਿੰਘ ਵੀ ਮੌਜੂਦ ਸਨ।
ਜ਼ਿਲ੍ਹਾਂ ਖੇਡ ਅਫ਼ਸਰ ਨੇ ਐਤਵਾਰ ਨੂੰ ਹੋਏ ਵੱਖ-ਵੱਖ ਫ਼ਾਈਨਲ ਮੁਕਾਬਲਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਅੱਜ ਹੋਏ ਹਾਕੀ ਦੇ ਅੰਡਰ-17 ਲੜਕਿਆਂ ਦੇ ਮੁਕਾਬਲਿਆਂ 'ਚ ਚੱਕਦਾਨਾ ਨੇ ਮੰਢਾਲੀ ਨੂੰ ਹਰਾਇਆ ਜਦਕਿ ਅੰਡਰ-19 'ਚ ਚੱਕਦਾਨਾ ਨੇ ਔੜ ਨੂੰ ਹਰਾਇਆ। 21 ਤੋਂ 40 ਸਾਲ ਵਰਗ ਮੁਕਾਬਲਿਆਂ 'ਚ ਵੀ ਚੱਕਦਾਨਾ ਦੀ ਹੀ ਝੰਡੀ ਰਹੀ, ਜਿਸ ਵਿੱਚ ਪੁਰਸ਼ਾਂ ਦੇ ਮੁਕਾਬਲਿਆਂ 'ਚ ਚੱਕਦਾਨਾ ਨੇ ਉੜਾਪੜ ਨੂੰ ਹਰਾਇਆ।
ਫੁੱਟਬਾਲ ਦੇ ਅੰਡਰ-21 ਦੇ ਲੜਕੀਆਂ ਦੇ ਮੁਕਾਬਲਿਆਂ 'ਚ ਜਗਤਪੁਰ ਨੂੰ ਜ਼ਿਲ੍ਹੇ ਦਾ ਜੇਤੂ ਅਤੇ ਰਾਹੋਂ ਟੀਮ ਨੂੰ ਉੱਪ ਜੇਤੂ ਐਲਾਨਿਆ ਗਿਆ।
ਬੈਡਮਿੰਟਨ ਦੇ ਫਾਈਨਲ ਮੁਕਾਬਲਿਆਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੁਰਸ਼ਾਂ ਦੇ 41 ਤੋਂ 50 ਸਾਲ ਗਰੁੱਪ 'ਚ ਸਿੰਗਲ 'ਚ ਰੋਹਿਤ ਅਰੋੜਾ ਨੇ ਪਹਿਲਾ ਅਤੇ ਰਵੀ ਬੇਕੀ ਨੇ ਦੂਜਾ ਸਥਾਨ ਹਾਸਲ ਕੀਤਾ। ਡਬਲਜ਼ ਗੇਮ 'ਚ ਰੋਹਿਤ ਅਰੋੜਾ ਤੇ ਰਵੀ ਬੇਕੀ ਨੇ ਪਹਿਲਾ ਤੇ ਹਰਵਿੰਦਰ ਪਾਲ ਸਿੰਘ ਤੇ ਕੁਲਬੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।
ਟੀਮ ਮੈਚ 'ਚ ਪ੍ਰੀਤਮ ਬੈਡਮਿੰਟਨ ਅਕੈਡਮੀ ਨਵਾਂਸ਼ਹਿਰ ਨੇ ਪਹਿਲਾ ਤੇ ਕਪਿਲ ਦੇਵਾ ਟੀਮ ਬਲਾਚੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਮਹਿਲਾਵਾਂ ਦੇ 41 ਤੋਂ 50 ਉਮਰ ਗਰੁੱਪ 'ਚ ਸਿੰਗਲ ਮੁਕਾਬਲਿਆਂ 'ਚ ਕੁਲਵਿੰਦਰ ਕੌਰ ਨੂੰ ਜੇਤੂ ਐਲਾਨਿਆ ਗਿਆ।
50 ਸਾਲ ਤੋਂ ਉੱਪਰ ਉਮਰ ਵਰਗ 'ਚ ਸਿੰਗਲਜ਼ ਮੈਚ 'ਚ ਹਰਬਿਲਾਸ ਬੱਧਣ ਨੇ ਪਹਿਲਾ ਤੇ ਕਮਲਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਡਬਲਜ਼ ਮੈਚ 'ਚ ਹਰਬਿਲਾਸ ਬੱਧਣ ਤੇ ਡਾ. ਇੰਦਰ ਮੋਹਣ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਟੀਮ ਮੈਚ 'ਚ ਨਿਰਮਲਜੀਤ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।