‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਫੁੱਟਬਾਲ ਤੇ ਵਾਲੀਬਾਲ ਦੇ ਹੋਏ ਰੌਚਕ ਮੁਕਾਬਲੇ

ਹੁਸ਼ਿਆਰਪੁਰ, 22 ਸਤੰਬਰ: ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰਨਾਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਅੱਜ ਹੋਏ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਵਰਗਾਂ ਦੇ ਫੁੱਟਬਾਲ ਤੇ ਵਾਲੀਬਾਲ ਦੇ ਰੌਚਕ ਮੁਕਾਬਲੇ ਹੋਏ, ਜਿਨ੍ਹਾਂ ਵਿਚ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਬਾਖੂਬੀ ਮੁਜ਼ਾਹਰਾ ਕੀਤਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ 21 ਤੋਂ 40 ਸਾਲ ਉਮਰ ਵਰਗ ਵਿਚ ਬੀ.ਏ.ਐਮ. ਖਾਲਸਾ ਗੜ੍ਹਸ਼ੰਕਰ ਪਹਿਲੇ, ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੂਜੇ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਤੀਜੇ ਸਥਾਨ 'ਤੇ ਰਹੇ। ਵਾਲੀਬਾਲ ਦੇ 40 ਤੋਂ 50 ਸਾਲ ਉਮਰ ਵਰਗ ਵਿਚ ਸਟਾਰ ਯੂਥ ਕਲੱਬ ਕੂਲੀਆਂ ਨੇ ਪਹਿਲਾ ਅਤੇ ਸਪੋਰਟਸ ਕਲੱਬ ਕਾਲੇਵਾਲ ਬੀਤ (ਗੜ੍ਹਸ਼ੰਕਰ) ਨੂੰ ਦੂਜਾ ਸਥਾਨ ਮਿਲਿਆ। ਇਸੇ ਤਰ੍ਹਾਂ 21 ਤੋਂ 40 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲਿਆਂ ਵਿਚ ਖਾਲਸਾ ਕਾਲਜ ਗੜ੍ਹਸ਼ੰਕਰ ਪਹਿਲੇ, ਖਾਨਪੁਰ ਕਲੱਬ ਦੂਜੇ ਅਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਤੀਜੇ ਸਥਾਨ 'ਤੇ ਰਿਹਾ।