ਨਵਾਂਸ਼ਹਿਰ, 30 ਸਤੰਬਰ : ਜ਼ਿਲ੍ਹਾ ਮੈਜਿਸਟ੍ਰੇਨ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਜੋ ਕਿ 29 ਸਤੰਬਰ ਤੋਂ 28 ਨਵੰਬਰ, 2022 ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਲਾਗੂ ਕੀਤੇ ਇਨ੍ਹਾਂ ਹੁਕਮਾਂ ਦਾ ਮੰਤਵ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਵਾਤਾਵਰਣ, ਜੀਵ-ਜੰਤੂਆਂ, ਲਾਗੇ ਖੜੀ ਫ਼ਸਲ, ਸੜ੍ਹਕ ਦੇ ਕੰਢੇ ਲਾਏ ਬੂਟਿਆਂ/ਦਰਖਤਾਂ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਹੋਣ ਵਾਲੇ ਨੁਕਸਾਨ ਅਤੇ ਧੂੰਏਂ ਕਾਰਨ ਆਮ ਲੋਕਾਂ ਦੀ ਸਿਹਤ 'ਤੇ ਪੈਂਦੇ ਮਾੜੇ ਪ੍ਰਭਾਵ ਨੂੰ ਰੋਕਣਾ ਹੈ।